ਪਟਿਆਲਾ : ਅੱਜ ਸ਼ਾਹੀ ਸ਼ਹਿਰ ਅੰਦਰ 42 ਤੋਂ 43 ਡਿਗਰੀ ਪੁੱਜੇ ਤਾਪਮਾਨ ਨੇ ਪਟਿਆਲਵੀਆਂ ਦੇ ਸਾਹ ਪੂਰੀ ਤਰ੍ਹਾ ਸੁਕਾ ਕੇ ਰੱਖੇ। ਇਨ੍ਹਾਂ ਦਿਨਾਂ ਵਿੱਚ ਜਿੱਥੇ ਗਰਮੀ ਦਿਨੋ- ਦਿਨ ਵੱਧ ਰਹੀ ਹੈ, ਉੱਥੇ ਤਿੱਖੀ ਧੁੱਪ ਤੇ ਲੂ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਹਨ। ਉਮੜ ਰਹੀ ਤਪਸ ਅਤੇ ਲੂ ਕਾਰਨ ਰੋਜ਼ਾਨਾ ਲੋਕਾਂ ਦਾ ਜਿੱਥੇ ਬੁਰਾ ਹਾਲ ਹੋ ਰਿਹਾ ਹੈ, ਉੱਥੇ ਨਵੀਂਆਂ-ਨਵੀਆਂ ਬਿਮਾਰੀਆਂ ਦੀ ਆਮਦ ਵੀ ਹੋ ਰਹੀ ਹੈ। ਵੱਧ ਰਹੀ ਗਰਮੀ ਕਾਰਨ ਲੋਕਾਂ ਨੂੰ ਗਰਮੀ ਕਾਰਨ ਘਰਾਂ ਦੇ ਅੰਦਰ ਕੈਦ ਹੋ ਕੇ ਰਹਿਣਾ ਪੈ ਸਕਦਾ ਹੈ।
ਇਸ ਵੇਲੇ ਪੰਜਾਬੀਆਂ ਨੂੰ ਦੋਹਰੀ ਮਾਰ ਪੈ ਰਹੀ ਹੈ ਕਿਉਂਕਿ ਲੰਮੇ ਸਮੇਂ ਬਾਅਦ ਲੋਕਾਂ ਦੇ ਮਾੜੇ-ਮੋਟੇ ਕੰਮ ਤੁਰੇ ਸਨ ਪਰ ਕੋਰੋਨਾ ਤੋਂ ਬਾਅਦ ਗਰਮੀ ਆ ਗਈ ਹੈ, ਜਿਸਨੇ ਲੋਕਾਂ ਦੀ ਚਿੰਤਾ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਪਿਛਲੇ ਸਾਲ ਨਾਲੋਂ ਇਸ ਵਾਰ ਗਰਮੀ ਵੱਧ ਪੈਣ ਦੇ ਆਸਾਰ ਲੱਗ ਰਹੇ ਹਨ ਕਿਉਂਕਿ ਹੁਣੇ ਤੋਂ ਹੀ ਗਰਮੀ ਨੇ ਆਪਣਾ ਵਿਕਰਾਲ ਰੂਪ ਧਾਰਨ ਲਿਆ ਹੈ। ਕੁਦਰਤ ਵੱਲੋਂ ਵੀ ਇਸ ਵਾਰ ਲੋਕਾਂ ਨੂੰ ਕੋਈ ਬਹੁਤੀ ਆਸ ਨਹੀਂ ਦਿਸ ਰਹੀ ਕਿਉਂਕਿ ਮੌਸਮ ਹੁਣੇ ਤੋਂ ਹੀ ਹੁੰਮਸ ਭਰਿਆ ਹੋਇਆ ਪਿਆ ਹੈ।
ਬਰਸਾਤ ਅਤੇ ਠੰਡੀਆਂ ਹਵਾਵਾਂ ਵੀ ਬਹੁਤ ਘੱਟ ਹਨ। ਇੰਨੀ ਗਰਮੀ ਵਧਣ ਦਾ ਮੁੱਖ ਕਾਰਨ ਲੋਕਾਂ ਵੱਲੋਂ ਕੱਟੇ ਗਏ ਦਰੱਖਤਾਂ ਨੂੰ ਵੀ ਦੱਸਿਆ ਜਾ ਰਿਹਾ ਹੈ ਕਿਉਂਕਿ ਦਰੱਖ਼ਤ ਜ਼ਿਆਦਾ ਨਾ ਹੋਣ ਕਾਰਨ ਗਲੋਬਲ ਵਾਰਮਿੰਗ ਵੱਧ ਰਹੀ ਹੈ।