ਮੰਡੀ ‘ਚ ਰੋਸ ਰੈਲੀ ਕੱਢ ਕੇ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
ਰਾਮਾਂ ਮੰਡੀ, 31 ਮਈ (ਲਹਿਰੀ)-ਸਥਾਨਕ ਨਗਰ ਕੌਂਸਲ ਦਫ਼ਤਰ ਰਾਮਾਂ ਅੱਗੇ ਸਫ਼ਾਈ ਸੇਵਕ ਯੂਨੀਅਨ ਵੱਲੋਂ ਲਗਾਇਆ ਧਰਨਾ 20ਵੇਂ ਦਿਨ ਵੀ ਜਾਰੀ ਰਿਹਾ ਹੈ | ਇਸ ਮੌਕੇ ਸਫਾਈ ਸੇਵਕਾਂ ਨੇ ਮੰਡੀ ਵਿੱਚ ਰੋਸ ਰੈਲੀ ਕੱਢਕੇ ਗਾਂਧੀ ਚੌਂਕ ਵਿੱਚ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪ੍ਰਧਾਨ ਵਿਨੋਦ ਕੁਮਾਰ ਆਦਿ ਆਗੂਆਂ ਨੇ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ 20 ਦਿਨਾਂ ਤੋਂ ਸਫਾਈ ਸੇਵਕਾਂ ਦਾ ਧਰਨਾ ਚੱਲ ਰਿਹਾ ਹੈ, ਪੰਤੂ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲਈ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਠੇਕਾ ਪ੍ਰਣਾਲੀ ਸਿਸਟਮ ਬੰਦ ਕਰਕੇ ਸਫ਼ਾਈ ਸੇਵਕ, ਸੀਵਰਮੈਨ, ਮਾਲੀ ਬੇਲਦਾਰ, ਪੰਪ ਓਪਰੇਟਰਾਂ ਨੂੰ ਰੈਗੂਲਰ ਕੀਤਾ ਜਾਵੇ | ਮੰਡੀ ਦੇ ਏਰੀਏ ਮੁਤਾਬਿਕ ਸਫਾਈ ਸੇਵਕਾ ਦੀ ਭਰਤੀ ਕੀਤੀ ਜਾਵੇ, ਮਿਉਂਸੀਪਲ ਕਾਮਿਆਂ ਦੀਆਂ ਤਨਖ਼ਾਹਾਂ ਪੰਜਾਬ ਸਰਕਾਰ ਦੇ ਖ਼ਜਾਨੇ ਵਿੱਚੋਂ ਦਿੱਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਅਤੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਤਰਸ ਦੇ ਅਧਾਰ ਤੇ ਬਿਨ੍ਹਾਂ ਸ਼ਰਤ ਨੌਕਰੀ ਦਿੱਤੀ ਜਾਵੇ | ਸਫ਼ਾਈ ਸੇਵਕ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਜਦੋਂ ਤੱਕ ਉਨ੍ਹਾਂ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉੁਦੋਂ ਤੱਕ ਸਫਾਈ ਸੇਵਕਾਂ ਦੀ ਹੜਤਾਲ ਅਤੇ ਧਰਨਾ ਜਾਰੀ ਰਹੇਗਾ |