ਮਾਨਸਾ – ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਆਖਿਆ ਕਿ ਪੰਜਾਬ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ, ਸਗੋਂ ਪੰਜਾਬ ਅੰਦਰ ਗੈਂਗਸਟਰਾਂ ਦਾ ਸ਼ਰੇਆਮ ਰਾਜ ਚੱਲ ਰਿਹਾ ਹੈ। ਉਹ ਪੰਜਾਬ ਦੀਆਂ ਜੇਲਾਂ ਅੰਦਰ ਬੈਠੇ ਲੋਕਾਂ ਨੂੰ ਫੋਨ ਕਰ ਕੇ ਫਿਰੌਤੀਆਂ ਮੰਗ ਰਹੇ ਹਨ। ਸੂਬੇ ਅੰਦਰ ਦਿਨ-ਦਿਹਾੜੇ ਲੁੱਟਾਂ-ਖੋਹਾਂ ਅਤੇ ਕਤਲ ਹੋ ਰਹੇ ਹਨ। ਪੰਜਾਬ ਦੇ ਲੋਕਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੋਰੋਨਾ ਸੰਕਟ ’ਚ ਕਾਂਗਰਸੀ ਮੰਤਰੀ ਅਤੇ ਵਿਧਾਇਕ ਕੁਰਸੀ ਅਤੇ ਚੌਧਰ ਦੇ ਭੁੱਖੇ ਆਪਸ ’ਚ ਲੜ ਰਹੇ ਹਨ ਅਤੇ ਕੋਰੋਨਾ ਮਹਾਮਾਰੀ ਦੌਰਾਨ ਆਕਸੀਜਨ ਦੀ ਘਾਟ ਨਾਲ ਲੋਕ ਮਰ ਰਹੇ ਹਨ ਪਰ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਪਾਰਟੀ ਹਾਈਕਮਾਨ ਕੋਲ ਇਕ-ਦੂਜੇ ਦੀਆਂ ਸ਼ਿਕਾਇਤਾਂ ਕਰ ਕੇ ਜੜ੍ਹਾਂ ਪੁੱਟਣ ‘ਚ ਰੁੱਝੇ ਹੋਏ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਕੋਰੋਨਾ ਪੀੜਤਾਂ ਦਾ ਹੱਥ ਫੜਿਆ ਹੈ।

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਡੀ. ਐੱਸ. ਪੀ. ਦੀ ਨੌਕਰੀ ਦੇਣ ਤੇ ਹੁਣ ਵਿਧਾਇਕ ਫਤਿਹਜੰਗ ਬਾਜਵਾ ਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਕ੍ਰਮਵਾਰ ਡੀ. ਐੱਸ. ਪੀ. ਤੇ ਤਹਿਸੀਲਦਾਰ ਲਗਾਉਣ ਦੇ ਤਰੀਕੇ ਦੀ ਗੱਲ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਹ ਨੌਕਰੀਆਂ ਤਰਸ ਦੇ ਆਧਾਰ ’ਤੇ ਦਿੱਤੀਆਂ ਜਾ ਰਹੀਆਂ ਹਨ, ਜੋ ਮੌਜੂਦ ਹੀ ਨਹੀਂ ਹੈ। ਅਖੀਰ ’ਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ’ਤੇ ਜਦੋਂ ਵੀ ਦੁੱਖ ਦੀ ਘੜੀ ਆਈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੀ ਬਾਂਹ ਫੜੀ ਹੈ।

ਇਸ ਮੌਕੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਅਕਾਲੀ ਵਿਧਾਇਕ ਸਰਦੂਲਗੜ੍ਹ ਦਿਲਰਾਜ ਸਿੰਘ ਭੂੰਦੜ, ਬੁਢਲਾਡਾ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਕੌਲਧਰ, ਜ਼ਿਲਾ ਸ਼ਹਿਰੀ ਪ੍ਰਧਾਨ ਪ੍ਰੇਮ ਅਰੋੜਾ, ਜ਼ਿਲਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ, ਬੱਬੀ ਦਾਨੇਵਾਲੀਆ ਆਦਿ ਹੋਰ ਅਕਾਲੀ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *