ਰਾਮਾਂ ਮੰਡੀ, 4 ਜੂਨ (ਪਰਮਜੀਤ ਲਹਿਰੀ) : ਪਿਛਲੇ ਦਿਨਾਂ ਤੋਂ ਚਰਚਾਵਾਂ ਹਨ, ਕਿ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਆਪਣੀ ਪਾਰਟੀ ਦੇ ਦੋ ਵਿਧਾਇਕਾਂ ਨੂੰ ਤਰਸ ਦੇ ਅਧਾਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਤਲਵੰਡੀ ਸਾਬੋ ਤੋਂ ਬੀ.ਸੀ ਵਿੰਗ ਪ੍ਰਧਾਨ ਅਤੇ ਯੂਥ ਅਕਾਲੀ ਦਲ ਪ੍ਰਧਾਨ ਹਰਜਿੰਦਰ ਸਿੰਘ ਹੈਪੀ ਖੋਸ਼ਾ ਨੇ ਸਾਂਝੇ ਰੂਪ ਵਿਚ ਕੈਪਟਨ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਪੰਜਾਬ ਦੇ ਲੱਖਾਂ ਪੜ੍ਹੇ ਲਿਖੇ ਬੇਰੁਜਗਾਰ ਬੱਚਿਆਂ ਤੇ ਤਰਸ ਕਰਦਿਆਂ ਉਨ੍ਹਾਂ ਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀਆਂ ਦੇਣੀਆਂ ਚਾਹੀਦੀਆ ਹਨ | ਇਸ ਮੌਕੇ ਸੁਖਵੰਤ ਸਿੰਘ ਕਾਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਨਾਲ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਗਿਆ ਸੀ ਪਰ ਸਰਕਾਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਨੌਕਰੀਆਂ ਲਈ ਪੰਜਾਬ ਦੇ ਨੌਜਵਾਨ ਸੜ੍ਹਕਾਂ ਤੇ ਧਰਨੇ ਮੁਜਾਹਰੇ ਕਰ ਰਹੇ ਹਨ ਪਰ ਕੰਨਾਂ ਤੋਂ ਬੋਲੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਨੌਜਵਾਨਾਂ ਦੇ ਧਰਨਿਆਂ ਦੀ ਆਵਾਜ ਭਾਵੇਂ ਸੁਣਾਈ ਨਹੀਂ ਦੇ ਰਹੀ ਪਰ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਸਰਕਾਰ ਬਚਾਉਣ ਲਈ ਵਿਧਾਇਕਾਂ ਦੀ ਗੱਲ ਬਹੁਤ ਜਲਦੀ ਸੁਣਨ ਲੱਗ ਪਈ ਹੈ | ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰੰਘ ਦੀ ਸਰਕਾਰ ਆਪਣੇ ਦੋ ਵਿਧਾਇਕਾਂ ਦੇ ਬੱਚਿਆਂ ਨੂੰ ਵੱਡੀ ਸਰਕਾਰੀ ਨੌਕਰੀ ਦੇਣ ਲਈ ਤਤਪਰ ਹੈ | ਹੈਪੀ ਖੋਸ਼ਾ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਸਰਕਾਰੀ ਨੌਕਰੀ ਕੇਵਲ ਆਪਣੇ ਵਿਧਾਇਕਾਂ ਦੇ ਬੱਚਿਆਂ ਨੂੰ ਦੇਣੀ ਇਹ ਪੰਜਾਬ ਦੇ ਪੜ੍ਹੇ ਲਿਖੇ ਬੱਚਿਆਂ ਦੇ ਹੱਕਾਂ ਤੇ ਡਾਕਾ ਹੀ ਨਹੀਂ ਸਗੋਂ ਸੱਤਾ ਦੀ ਦੁਰਵਰਤੋਂ ਵੀ ਹੈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰੇਗਾ ਅਤੇ ਪੰਜਾਰ ਦੇ ਬੇਰੁਜਗਾਰ ਬੱਚਿਆਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰੇਗਾ |