ਨਗਰ ਕੌਸਲ ਵਲੋਂ ਵਿਕਾਸ ਕਾਰਜਾਂ ਲਈ ਕਰੀਬ 2 ਕਰੋੜ 50 ਲੱਖ ਦੇ ਟੈਂਡਰ ਲਗਾਉਣ ਦੀ ਤਿਆਰੀ!
2022 ਦੀਆਂ ਚੌਣਾਂ ਤੋਂ ਪਹਿਲਾ ਕਿ ਇਸ ਤਰ੍ਹਾਂ ਹੋਵੇਗਾ ਸ਼ਹਿਰ ਦਾ ਵਿਕਾਸ?
ਰਾਮਪੁਰਾ ਫੂਲ (ਜਸਵੀਰ ਔਲਖ)- 2022 ਦੀਆਂ ਵਿਧਾਨ ਸਭਾ ਚੌਣਾਂ ਨਜਦੀਕ ਨੇ, ਸਿਆਸੀ ਤਿਆਰੀਆਂ ਦੀ ਸੁਰੂਆਤ ਹੋ ਚੁੱਕੀ ਹੈ, ਕਿਸੇ ਨੂੰ ਐਮ ਐਲ ਏ ਤੇ ਕਿਸੇ ਨੂੰ ਮੁੜ ਮੰਤਰੀ ਬਣਨ ਦੀ ਦੌੜ ਲੱਗੀ ਹੋਈ ਹੈ।ਪਰ ਰਾਮਪੁਰਾ ਫੂਲ ਸ਼ਹਿਰ ’ਚ ਫੈਲੀ ਗੰਦਗੀ ਸਵੱਛਤਾ ਮੁਹਿੰਮ ਨੂੰ ਗ੍ਰਹਿਣ ਲਗਾਉਣ ਦਾ ਕੰਮ ਕਰ ਰਹੀ। ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ, ਸੜਕਾਂ ਤੇ ਬਾਜ਼ਾਰਾਂ ’ਚ ਗੰਦਗੀ ਦੇ ਢੇਰ ਸ਼ਹਿਰ ’ਚ ਸਫਾਈ ਵਿਵਸਥਾ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ।ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਸ਼ਹਿਰ ਦੇ ਸਿਆਸੀ ਲੀਡਰ ਇਹ ਸਭ ਕੁਝ ਚੁੱਪ ਚਾਪ ਵੇਖ ਰਹੇ ਨੇ, ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਅਤੇ ਬਲੈਕ ਫੰਗਸ ਵਰਗੀਆਂ ਜਾਨਲੇਵਾ ਬਿਮਾਰੀਆਂ ਫੈਲਣ ਸਦਕਾ ਲੋਕਾਂ ਦੀ ਜਾਨ ਮੁੱਠੀ ਵਿੱਚ ਆ ਚੁੱਕੀ ਹੈ,ਉੱਥੇ ਹੁਣ ਫੈਲੀ ਗੰਦਗੀ ਨੇ ਲੋਕਾਂ ਦੇ ਨੱਕ ਵਿੱਚ ਦਮ ਕਰਕੇ ਰੱਖ ਦਿੱਤਾ ਹੈ।ਕੀ ਸਰਕਾਰ ਇਸ ਪਾਸੇ ਧਿਆਨ ਦੇਵੇਗੀ?
ਹੈਰਾਨੀ ਦੀ ਗੱਲ ਹੈ ਕਿ ਨਗਰ ਕੌਂਸਲ ਸ਼ਹਿਰ ’ਚ ਲੋਕਾਂ ਨੂੰ ਸਫਾਈ ਵਿਵਸਥਾ ਪ੍ਰਤੀ ਜਾਗਰੂਕ ਕਰਨ ਦੇ ਇਲਾਵਾ ਦੁਕਾਨਦਾਰਾਂ ਨੂੰ ਡਸਟਬਿਨ ਤੱਕ ਪ੍ਰਦਾਨ ਕਰ ਚੁੱਕੀ ਹੈ ਤਾਂ ਕਿ ਸ਼ਹਿਰ ’ਚ ਸਾਫ-ਸਫਾਈ ਦੀ ਵਿਵਸਥਾ ’ਚ ਸੁਧਾਰ ਆ ਸਕੇ। ਸ਼ਹਿਰ ’ਚ ਥਾਂ-ਥਾਂ ’ਤੇ ਲੱਗੇ ਗੰਦਗੀ ਦੇ ਢੇਰ, ਗੰਦਗੀ ਨਾਲ ਭਰੀਆਂ ਨਾਲੀਆਂ, ਬਰਸਾਤੀ ਪਾਣੀ ਦੀ ਸਮੱਸਿਆ ਕਾਰਨ ਹਾਲਾਤ ਖਰਾਬ ਹਨ। ਸ਼ਹਿਰ ਦੇ ਪਾਰਕਾਂ ’ਚ ਸਫਾਈ ਵਿਵਸਥਾ ਦੀ ਘਾਟ ਹੈ ਅਤੇ ਸਰਵਜਨਕ ਥਾਵਾਂ ਜਿਥੇ ਸਬਜ਼ੀ ਮੰਡੀ ਆਦਿ ਲੱਗਦੀ ਹੈ ਉੱਥੇ ਵੀ ਗੰਦਗੀ ਫੈਲੀ ਹੋਈ ਹੈ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਅਤੇ ਸ਼ਹਿਰ ਦੇ ਉੱਘੇ ਸਿਆਸੀ ਲੀਡਰ ਸ਼ਹਿਰ ’ਚ ਸਫਾਈ ਵਿਵਸਥਾ ਯਕੀਨੀ ਬਣਾਉਣ ਨੂੰ ਲੈ ਕੇ ਫੇਲ ਸਾਬਤ ਹੋ ਰਹੇ ਹਨ। ਐਨ ਸੀ ਸੈਵਨ ਨਿਊਜ਼ ਦੀ ਟੀਮ ਨੇ ਅੱਜ ਸ਼ਹਿਰ ਦਾ ਦੌਰਾ ਕੀਤਾ ਤਾਂ ਰੇਲਵੇ ਰੋਡ, ਬੱਸ ਸਟੈਂਡ ਰੋਡ, ਭਗਤ ਸਿੰਘ ਚੌਕ, ਸਿਵਲ ਹਸਪਤਾਲ ਨਜਦੀਕ ਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ’ਤੇ ਕੂੜ਼ੇ ਦੇ ਢੇਰ ਲੱਗੇ ਦਿਖਾਈ ਦਿੱਤੇ। ਸ਼ਹਿਰ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਗਰ ਕੌਂਸਲ ਨੇੜੇੇ ਹੀ ਗੰਦਗੀ ਦੇ ਵੱਡੇ ਢੇਰ ਲੱਗੇ ਹੋਏ ਵਿਖਾਈ ਦੇ ਰਹੇ ਹਨ। ਗੰਦਗੀ ਦੇ ਢੇਰਾਂ ਦੇ ਹੱਲ ਪ੍ਰਤੀ ਵੀ ਕੌਂਸਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਸਫਾਈ ਅਭਿਆਨ ਨੂੰ ਲੈ ਕੇ ਨਗਰ ਕੌਂਸਲ ਪ੍ਰਚਾਰ ਕਰਨ ’ਚ ਜੁਟੀ ਹੈ ਅਤੇ ਦੀਵਾਰਾਂ ਨੂੰ ਸਵੱਛਤਾ ਸਬੰਧੀ ਸਲੋਗਨ ਲਿਖਵਾਏ ਜਾ ਰਹੇ ਹਨ।ਪਰ ਸਫਾਈ ਵਿਵਸਥਾ ਦੇ ਹਾਲਾਤ ਬਦਤਰ ਬਣੇ ਹੋਏ ਹਨ। ਕੀ ਸਰਕਾਰ ਜਾਂ ਸ਼ਹਿਰ ਦੇ ਸਿਆਸੀ ਲੀਡਰ ਇਸ ਪਾਸੇ ਧਿਆਨ ਦੇਣਗੇ?