ਫਰਿਜ਼ਨੋ (ਕੈਲੀਫੋਰਨੀਆ), 15 ਜੂਨ 2021 – ਅਮਰੀਕਾ ਦੇ ਸ਼ਹਿਰਾਂ ਵਿੱਚ ਪਿਛਲੇ ਹਫਤੇ ਦੇ ਅਖੀਰ ਵਿੱਚ ਗੋਲੀਬਾਰੀ ਦੀਆਂ ਹੋਈਆਂ ਘਟਨਾਵਾਂ ਵਿੱਚ 6 ਲੋਕਾਂ ਦੀ ਮੌਤ ਹੋਣ ਦੇ ਨਾਲ ਘੱਟੋ ਘੱਟ 39 ਲੋਕ ਜ਼ਖਮੀ ਹੋਏ ਹਨ।
ਅਮਰੀਕਾ ਦੇ ਅਸਟਿਨ, ਕਲੀਵਲੈਂਡ, ਸ਼ਿਕਾਗੋ ਅਤੇ ਸਵਾਨਾ ਆਦਿ ਸ਼ਹਿਰਾਂ ਵਿੱਚ ਪੁਲਿਸ ਸ਼ੁੱਕਰਵਾਰ ਦੀ ਰਾਤ ਅਤੇ ਸ਼ਨੀਵਾਰ ਦੀ ਸਵੇਰ ਦੇ ਵਿਚਕਾਰ ਤਕਰੀਬਨ 6 ਘੰਟਿਆਂ ਦੌਰਾਨ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਸਵਾਨਾ ਦੇ ਪੁਲਿਸ ਮੁਖੀ ਅਨੁਸਾਰ ਸ਼ੁੱਕਰਵਾਰ ਨੂੰ ਰਾਤ 9 ਵਜੇ ਦੇ ਕਰੀਬ ਪੂਰਬੀ ਸਵਾਨਾ ਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਘਰ ਦੇ ਸਾਹਮਣੇ ਖੜ੍ਹੇ ਲੋਕਾਂ ਦੇ ਸਮੂਹ ‘ਤੇ ਇੱਕ ਸੇਡਾਨ ਕਾਰ ਵਿੱਚੋਂ ਗੋਲੀਬਾਰੀ ਕੀਤੀ ਗਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 18 ਮਹੀਨੇ ਦੇ ਇੱਕ ਬੱਚੇ ਅਤੇ ਦੋ ਕਿਸ਼ੋਰਾਂ ਸਮੇਤ ਅੱਠ ਹੋਰ ਜ਼ਖਮੀ ਹੋ ਗਏ।
ਮਾਰੇ ਗਏ 20 ਸਾਲਾ ਵਿਅਕਤੀ ਦੀ ਪਛਾਣ ਸਵਾਨਾ ਦੇ ਆਰਥਰ ਮਿਲਟਨ ਵਜੋਂ ਕੀਤੀ ਗਈ ਹੈ।ਪੁਲਿਸ ਨੇ ਦੱਸਿਆ ਕਿ ਸਵਾਨਾ ਦੀ ਗੋਲੀਬਾਰੀ ਤੋਂ ਤਕਰੀਬਨ ਚਾਰ ਘੰਟੇ ਬਾਅਦ, ਅਸਟਿਨ ਡਾਊਨਟਾਊਨ ਇੰਟਨਟੇਨਮੈਂਟ ਡਿਸਟ੍ਰਿਕਟ ਦੀ ਇੱਕ ਗਲੀ ‘ਚ ਗੋਲੀਆਂ ਚੱਲੀਆਂ, ਜਿਸ ਵਿੱਚ ਇੱਕ ਦੀ ਮੌਤ, 13 ਲੋਕ ਜ਼ਖਮੀ ਅਤੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਮੁਖੀ ਜੋਸੇਫ ਚੈਕਨ ਨੇ ਕਿਹਾ ਕਿ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੂਸਰੇ ਦੀ ਭਾਲ ਕੀਤੀ ਜਾ ਰਹੀ ਹੈ। ਇਹ ਗੋਲੀਬਾਰੀ ਦੋ ਸਮੂਹਾਂ ਵਿਚਾਲੇ ਝਗੜੇ ਕਾਰਨ ਹੋਈ ਅਤੇ ਇਸਦੇ ਸ਼ਿਕਾਰ ਜ਼ਿਆਦਾਤਰ ਲੋਕ ਬੇਕਸੂਰ ਲੋਕ ਸਨ।
ਅਸਟਿਨ ਵਿੱਚ ਸਮੂਹਿਕ ਗੋਲੀਬਾਰੀ ਤੋਂ ਬਾਅਦ ਸ਼ਿਕਾਗੋ ਦੇ ਦੱਖਣ ਵਾਲੇ ਪਾਸੇ ਫੁੱਟਪਾਥ ਤੇ ਸ਼ੂਟਿੰਗ ਹੋਈ ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਹੋ ਗਏ। ਸ਼ਿਕਾਗੋ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚਕਰਤਾ ਦੋ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੇ ਹਨ ਜਿਹਨਾਂ ਨੇ ਸ਼ਿਕਾਗੋ ਦੇ ਚੈਥਮ ਨੇੜੇ ਇੱਕ ਭੀੜ ਵਾਲੇ ਫੁੱਟਪਾਥ ‘ਤੇ ਸ਼ਨੀਵਾਰ ਨੂੰ ਰਾਤ 2 ਵਜੇ ਤੋਂ ਬਾਅਦ ਗੋਲੀਬਾਰੀ ਕੀਤੀ। ਪੁਲਿਸ ਦੁਆਰਾ ਇਹਨਾਂ ਅਤੇ ਹੋਰ ਗੋਲੀਬਾਰੀ ਦੀਆਂ ਘਟਨਾਵਾਂ ਲਈ ਦੁੱਖ ਪ੍ਰਗਟ ਕੀਤਾ ਗਿਆ ਹੈ ਅਤੇ ਇਹਨਾਂ ਦੀ ਜਾਂਚ ਜਾਰੀ ਹੈ। ਇੱਕ ਆਨਲਾਈਨ ਸਾਈਟ ਗੰਨ ਵਾਇਓਲੈਂਸ ਆਰਚੀਵ ਜੋ ਕਿ ਦੇਸ਼ ਭਰ ਵਿੱਚ ਗੋਲੀਬਾਰੀ ਨੂੰ ਵੇਖਦੀ ਹੈ, ਦੇ ਅਨੁਸਾਰ 2021 ਵਿੱਚ ਦੇਸ਼ ਭਰ ‘ਚ 270 ਵਾਰ ਵੱਡੇ ਪੱਧਰ ‘ਤੇ ਗੋਲੀਬਾਰੀ ਕੀਤੀ ਗਈ ਹੈ।