ਮੋਰਿੰਡਾ/ਰੋਪੜ – ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੀ ਸੀ. ਟੀ. ਯੂ. ਦੀ ਬੱਸ ਮੋਰਿੰਡਾ ਦੇ ਨਜ਼ਦੀਕ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਈ ਅਤੇ ਮੌਕੇ ਉਤੇ ਹਾਹਾਕਾਰ ਮੱਚ ਗਈ। ਹਾਦਸੇ ਦੌਰਾਨ ਇਕ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀਂ ਹੋਈਆਂ ਹਨ।
ਮੌਕੇ ਉਤੇ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਸਥਾਨਕ ਪੁਲਸ ਪਹੁੰਚੀ ਅਤੇ ਬੱਸ ਵਿਚੋਂ ਸਵਾਰੀਆਂ ਨੂੰ ਕੱਢ ਕੇ ਮੋਰਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਸਵਾਰੀਆਂ ਜ਼ੇਰੇ ਇਲਾਜ ਹਨ। ਮੌਕੇ ਉਤੇ ਮੌਜੂਦ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਬੱਸ ਦੇ ਟਾਇਰ ਵਿਚ ਕੋਈ ਖਰਾਬੀ ਹੋਣ ਕਾਰਨ ਟਾਇਰ ਜਾਮ ਹੋ ਗਿਆ, ਜਿਸ ਕਾਰਨ ਬੱਸ ਪਲਟ ਗਈ।
ਪੁਲਸ ਅਧਿਕਾਰੀਆਂ ਦੇ ਅਨੁਸਾਰ ਇਸ ਹਾਦਸੇ ਵਿੱਚ ਕਰੀਬ 13 ਸਵਾਰੀਆਂ ਜ਼ਖ਼ਮੀਂ ਹੋਈਆਂ ਹਨ, ਜਿਨ੍ਹਾਂ ਦਾ ਇਲਾਜ ਮੋਰਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਮੋਰਿੰਡਾ ਪੁਲਸ ਵੱਲੋਂ ਸਵਾਰੀਆਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਵੱਲੋਂ ਕਰੇਨ ਦੀ ਮਦਦ ਨਾਲ ਬੱਸ ਨੂੰ ਸੜਕ ਦੇ ਵਿਚੋਂ ਚੁਕਵਾ ਕੇ ਥਾਣੇ ਵਿਖੇ ਖੜ੍ਹਾ ਕੀਤਾ ਗਿਆ ਹੈ ।