ਰਾਮਾਂ ਮੰਡੀ, 16 ਜੂਨ (ਪਰਮਜੀਤ ਲਹਿਰੀ) : ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਹੋਏ ਗਠਜੋੜ ਨੂੰ ਇਤਿਹਾਸਕ ਕਰਾਰ ਦਿੰਦਿਆਂ ਰਾਮਾਂ ਮੰਡੀ ਦੇ ਸੀਨੀਅਰ ਅਕਾਲੀ ਲੀਡਰ ਅਤੇ ਸ਼ੋ੍ਰ.ਅ.ਦਲ ਸ਼ਹਿਰੀ ਰਾਮਾਂ ਦੇ ਪ੍ਰਧਾਨ ਸਰਦਾਰ ਸਤਵੀਰ ਸਿੰਘ ਅਸੀਜਾ ਨੇ ਚੋਣਵੇਂ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਸਤਵੀਰ ਸਿੰਘ ਅਸੀਜਾ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਇਹ ਗਠਜੋੜ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਏਗੀ ਅਤੇ ਲੋਕਾਂ ਦੀਆਂ ਉਨ੍ਹਾਂ ਭਾਵਨਾਵਾਂ ਤੇ ਖਰੀ ਉਤਰੇਗੀ, ਜਿਨ੍ਹਾਂ ਭਾਵਨਾਵਾਂ ਨੂੰ ਕਾਂਗਰਸ ਪਾਰਟੀ ਨੇ ਸਮੇਂ ਸਮੇਂ ਤੇ ਕੁਚਲਿਆ ਹੈ। ਗਠਜੋੜ ਨੂੰ ਪੰਜਾਬ ਦੇ ਹਿੱਤ ਵਿਚ ਦੱਸਦਿਆਂ ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਸਰਕਾਰ ਵਲੋਂ 10 ਸਾਲ ਪੰਜਾਬ ਦੇ ਵਿਚ ਅਥਾਹ ਵਿਕਾਸ ਕੀਤਾ ਪਰ ਕਾਂਗਰਸ ਸਰਕਾਰ ਚ ਵਿਕਾਸ ਕਰਨ ਦੀ ਥਾਂ ਤੇ ਵਿਨਾਸ਼ ਦੇ ਅਜਿਹੇ ਕਦਮ ਪੁੱਟੇ ਗਏ ਕਿ ਅੱਜ ਹਰੇਕ ਵਰਗ ਆਪਣੇ ਆਪ ਨੂੰ ਪੀੜ੍ਹਤ ਮਹਿਸੂਸ ਕਰ ਰਿਹਾ ਹੈ। ਕੈਪਟਨ ਸਰਕਾਰ ਨੇ ਲੋਕਾਂ ਦੇ ਨਾਲ ਹਰ ਕਦਮ ਤੇ ਧੋਖਾ ਕੀਤਾ ਹੈ ਪਰ ਅਕਾਲੀ ਦਲ ਅਤੇ ਬਸਪਾ ਦੀ 2022 ਵਿਚ ਸਰਕਾਰ ਬਣਨ ਉਪਰੰਤ ਹਰੇਕ ਵਰਗ ਪੂਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਮੁੱਢਲੇ ਢਾਂਚੇ ਦਾ ਵੀ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਹ ਪੱਕਾ ਮਨ ਬਣਾ ਲਿਆ ਹੈ ਕਿ ਉਹ 2022 ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਹੀ ਸਰਕਾਰ ਵੇਖਣਾ ਚਾਹੰੁਦੇ ਹਨ। ਸਤਵੀਰ ਸਿੰਘ ਅਸੀਜਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਚ ਅੱਜ ਪੰਜਾਬ ਦੇ ਹਿੱਤਾਂ ਦੀ ਲੜਾਈ ਨਹੀਂ ਸਗੋਂ ਆਪਣੀਆਂ ਕੁਰਸੀਆਂ ਦੀ ਲੜਾਈ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਬਹੁਜਨ ਸਮਾਜ ਪਾਰਟੀ ਗਠਜੋੜ ਸਰਕਾਰ ਹੀ ਪੰਜਾਬ ਦੇ ਲੋਕਾਂ ਦੀ ਅਸਲ ਵਿਚ ਪ੍ਰਤੀਨਿਧਤਾ ਕਰਦੀ ਸਰਕਾਰ ਬਣੇਗੀ।