ਨਵੀਂ ਦਿੱਲੀ 16 ਜੂਨ.2021: ਪ੍ਰਤਿਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦਾ ਵੱਡਾ ਕਾਫ਼ਲਾ ਅਗਵਾਈ ਵਿੱਚ ਟਿਕਰੀ ਬਾਰਡਰ ਤੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਇਆ। ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਡੀ.ਟੀ.ਐੱਫ.ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਨੇ ਆਖਿਆ ਕਿ ਕੇਂਦਰ ਦੀ ਮੋਦੀ ਹਕੂਮਤ ਪਾਸ ਕੀਤੇ ਤਿੰਨ ਖ਼ੇਤੀ ਕਾਨੂੰਨਾਂ ਨਾਲ ਦੇਸ਼ ਭਰ ਦੇ ਅੰਨਦਾਤਿਆਂ ਨਾਲ ਧ੍ਰੋਹ ਕਮਾ ਰਹੀ ਹੈ। ਅੰਡਾਨੀ,ਅੰਬਾਨੀ ਜਿਹੇ ਕਾਰਪੋਰੇਟ ਘਰਾਣਿਆਂ ਨੂੰ ਮਾਲਾ ਮਾਲ ਕਰਨ ਲਈ ਜਨਤਕ ਅਦਾਰਿਆਂ ਦਾ ਨਿੱਜੀਕਰਨ ਸਰਕਾਰ ਦੀ ਸਾਜ਼ਿਸ਼ ਦਾ ਹਿੱਸਾ ਹੈ,ਜਿਸਨੂੰ ਵਿਕਾਸ ਦਾ ਨਾਂ ਦਿੱਤਾ ਜਾ ਰਿਹਾ ਹੈ। ਅਧਿਆਪਕ ਆਗੂ ਨੇ ਸਪੱਸ਼ਟ ਕੀਤਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੀ ਨਵੀਂ ਸਿੱਖਿਆ ਨੀਤੀ ਖ਼ੇਤੀ ਕਾਨੂੰਨਾਂ ਜਿੰਨੀ ਹੀ ਘਾਤਕ ਹੈ। ਜਿਹੜੀ ਵਿਦਿਆਰਥੀਆਂ ਤੋਂ ਪੜ੍ਹਾਈ ਦਾ ਮੁਢਲਾ ਹੱਕ ਖੋਹ ਕੇ ਉਨ੍ਹਾਂ ਦੇ ਭਵਿੱਖ ਨੂੰ ਡੋਬਣ ਵਾਲੀ ਹੈ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਕਾਲੇ ਖੇਤੀ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ ਤੇ ਕੀਮਤਾਂ ਉੱਪਰ ਅੰਡਾਨੀ,ਅੰਬਾਨੀ ਦਾ ਕਬਜ਼ਾ ਕਰਾਉਣ ਵਾਲੇ ਹਨ, ਉਸੇ ਤਰ੍ਹਾਂ ਨਵੀਂ ਸਿੱਖਿਆ ਨੀਤੀ ਕਿਰਤੀ, ਕਿਸਾਨਾਂ ਦੇ ਬੱਚਿਆਂ ਤੋਂ ਸਿੱਖਿਆ, ਗਿਆਨ ਦੀ ਜੋਤ ਖੋਹ ਕੇ ਨਿੱਜੀ ਹੱਥਾਂ ਵਿੱਚ ਦੇਣ ਦੀ ਸਾਜਿਸ਼ ਹੈ।ਜਿਹੜੀ ਰੁਜ਼ਗਾਰ ਦੇ ਮੌਕੇ ਖ਼ਤਮ ਕਰਕੇ ਨੌਜੁਆਨ ਪਾੜ੍ਹਿਆਂ ਨੂੰ ਬੇਰੁਜ਼ਗਾਰੀ ਦੇ ਭੰਵਰ ਵਿੱਚ ਡੋਬ ਦੇਵੇਗੀ। ਇਸ ਮੌਕੇ ਕਿਸਾਨਾਂ ਦੇ ਜ਼ਾਬਤੇ, ਸਿਦਕ ਤੇ ਜੂਝਣ ਦੇ ਜ਼ਜ਼ਬੇ ਨੂੰ ਸਲਾਮ ਕਰਦਿਆਂ ਡੀ.ਟੀ.ਐੱਫ.ਦੇ ਸੂਬਾਈ ਆਗੂਆਂ ਹਰਦੇਵ ਮੁੱਲਾਂਪੁਰ ਤੇ ਰੇਸ਼ਮ ਸਿੰਘ ਖੇਮੂਆਣਾ ਨੇ ਆਖਿਆ ਕਿ ਜਥੇਬੰਦੀ ਕਿਸਾਨ ਸੰਘਰਸ਼ ਵਿੱਚ ਆਪਣੀ ਹਮਾਇਤ ਦਾ ਸੀਰ ਪਾਉਂਦੀ ਰਹੇਗੀ ਕਿਉਂਕਿ ਕਿਸਾਨ ਸੰਘਰਸ਼ ਕੇਵਲ ਕਿਸਾਨਾਂ ਦਾ ਹੀ ਨਹੀਂ ਬਲਕਿ ਸਾਰੇ ਵਰਗਾਂ ਦਾ ਸਾਂਝਾ ਘੋਲ਼ ਹੈ।ਅਧਿਆਪਕ ਆਗੂਆਂ ਨੇ ਆਖਿਆ ਕਿ ਸੈਂਕੜੇ ਕਿਸਾਨਾਂ ਦੀ ਸੰਘਰਸ਼ ਵਿੱਚ ਹੋਈ ਸ਼ਹਾਦਤ ਭਾਜਪਾ ਹਕੂਮਤ ਦੇ ਕੱਫਣ ਦਾ ਕਿੱਲ ਸਾਬਤ ਹੋਵੇਗੀ।ਇਸ ਮੌਕੇ ਮੰਚ ਤੇ ਡੀ.ਟੀ.ਐੱਫ. ਦੇ ਆਗੂ ਸੁਖਵਿੰਦਰ ਸੁੱਖੀ ਫਰੀਦਕੋਟ, ਕਰਮਜੀਤ ਤਾਮਕੋਟ ਮਾਨਸਾ, ਹਰਭਗਵਾਨ ਗੁਰਨੇ, ਸੁਖਮੰਦਰ ਨਿਹਾਲ ਸਿੰਘ ਵਾਲਾ, ਤਲਵਿੰਦਰ ਖਰੌੜ ਪਟਿਆਲਾ, ਹਰਜੀਤ ਸੁਧਾਰ, ਦੀਦਾਰ ਸਿੰਘ ਮੁੱਦਕੀ, ਭੋਲਾ ਰਾਮ ਤਲਵੰਡੀ, ਗੁਰਮੁੱਖ ਨਥਾਣਾ, ਗੁਰਪ੍ਰੀਤ ਖੇਮੂਆਣਾ ਵੀ ਮੌਜੂਦ ਸਨ।