ਪਟਿਆਲਾ – ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵੱਲੋਂ 22 ਜੂਨ ਦੀ ਮੀਟਿੰਗ ਬੇਸਿੱਟਾ ਨਿਕਲਣ ਦੇ ਰੋਸ ਵਜੋਂ ਅੱਜ ਇਥੇ ਪੰਜਾਬ ਭਰ ਤੋਂ ਪੁੱਜੇ ਹਜ਼ਾਰਾਂ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਮੋਤੀ ਮਹਿਲ ਵੱਲ ਨੂੰ ਵਿਸ਼ਾਲ ਹੱਲਾ ਬੋਲ ਰੈਲੀ ਕੱਢੀ। ਇਸ ਮੌਕੇ ਵਾਈ. ਪੀ. ਐੱਸ. ਚੌਕ ’ਚ ਅਧਿਆਪਕਾਂ ਦੀ ਪੁਲਸ ਨਾਲ ਧੱਕਾ-ਮੁੱਕੀ ਵੀ ਹੋਈ। ਅਧਿਆਪਕਾਂ ਨੇ ਬੈਰੀਗੇਡ ਤੋੜ ਦਿੱਤੇ ਅਤੇ ਕਾਫੀ ਜਦੋ-ਜਹਿਦ ਤੋਂ ਬਾਅਦ ਪੁਲਸ ਨੇ ਅਧਿਆਪਕਾਂ ਨੂੰ ਸ਼ਾਂਤ ਕੀਤਾ।

ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਨੇ ਦੱਸਿਆ ਕਿ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ, ਸਿੱਖਿਆ ਵਿਭਾਗ ’ਚ ਸਰਕਾਰ ਦੀਆਂ ਪਾਲਤੂ ਕੰਪਨੀਆਂ ਦੀ ਸ਼ਰੇਆਮ ਲੁੱਟ ਅਤੇ ਸਰਕਾਰ ਵੱਲੋਂ ਵਾਰ-ਵਾਰ ਬੇਨਤੀਜਾ ਮੀਟਿੰਗਾਂ ਦੇ ਵਿਰੋਧ ’ਚ ਅਤੇ ਆਪਣੀਆਂ ਹੱਕੀ ਮੰਗਾਂ ਸਬੰਧੀ ਪਿਛਲੇ 15 ਦਿਨਾਂ ਤੋਂ ਪੱਕਾ ਧਰਨਾ ਸਾਹਮਣੇ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਪਟਿਆਲਾ ਵਿਖੇ ਲਗਾਇਆ ਹੋਇਆ ਹੈ। ਸੂਬਾ ਮੀਤ ਪ੍ਰਧਾਨ ਸਵਰਨਜੀਤ ਸਿੰਘ ਵਿਰਦੀ ਨੇ ਕਿਹਾ ਕਿ ਸਿੱਖਿਆ ਸਕੱਤਰ ਕੰਪਨੀਆਂ ਦੇ ਲਈ ਕੰਮ ਕਰ ਰਿਹਾ ਹੈ। ਉਸ ਨੇ ਕਿਹਾ ਕਿ ਕੰਪਨੀਆਂ ਨੂੰ ਅਸੀ ਬਾਹਰ ਨਹੀਂ ਕਰਾਂਗੇ। ਇਸ ਦਾ ਮਤਲਬ ਕਿ ਸਿੱਖਿਆ ’ਚ ਕਾਰਪੋਰੇਟ ਘਰਾਣਿਆਂ ਦੀ ਦਖਲ ਤੋਂ ਪੂਰਾ ਖੁਸ਼ ਹੈ।

ਸਰਕਾਰ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਵੋਕੇਸ਼ਨਲ ਅਧਿਆਪਕ ਯੂਨੀਅਨ ਵੱਲੋਂ ਅੱਜ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਮੋਤੀ ਮਹਿਲ ਵੱਲ ਹੱਲ ਬੋਲ ਰੈਲੀ ਕੀਤੀ ਗਈ। ਇਸ ’ਚ ਦੁਬਾਰਾ ਯੂਨੀਅਨ ਆਗੂਆਂ ਨੇ ਸਰਕਾਰ ਦੇ ਵਾਰ-ਵਾਰ ਕੀਤੇ ਜਾਂਦੇ ਝੂਠੇ ਲਾਅਰਿਆਂ ਤੋ ਤੰਗ ਆ ਕੇ ਆਪਣੇ ਪੱਕੇ ਧਰਨੇ ਨੂੰ ਅੱਗੇ ਜਾਰੀ ਰੱਖਣ ਦਾ ਫੈਸਲਾ ਲਿਆ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਦੀ ਪੂਰਤੀ ਨਹੀਂ ਹੁੰਦੀ, ਉਨਾ ਚਿਰ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਤੇਜ਼ ਕਰਨਗੇ। ਇਸ ਮੌਕੇ ਯੂਨੀਅਨ ਸਲਾਹਕਾਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਮਾਨ, ਗੁਰਲਾਲ ਸਿੰਘ, ਮਨਜਿੰਦਰ ਸਿੰਘ ਤਰਨਤਾਰਨ, ਜਰਨੈਲ ਸਿੰਘ ਪ੍ਰੈੱਸ ਸਕੱਤਰ, ਜਸਵਿੰਦਰ ਅਤੇ ਲਵਦੀਪ ਅਤੇ ਹੋਰ ਆਗੂ ਮੌਜੂਦ ਸਨ।

Leave a Reply

Your email address will not be published. Required fields are marked *