ਪੰਜਾਬ ਵਾਸੀ 2022 ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਆਗੂਆਂ ਕੋਲੋਂ 2017 ਵਿੱਚ ਕੀਤੇ ਵਾਅਦਿਆਂ ਦਾ ਹਿਸਾਬ ਜ਼ਰੂਰ ਲੈਣ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਲਵਾਰਸ ਛੱਡ ਕੇ ਆਪਣੀ ਕੁਰਸੀ ਬਚਾਉਣ ਲਈ ਵਾਰ ਵਾਰ ਰਾਹੁਲ ਗਾਂਧੀ ਦੇ ਦਰਬਾਰ ਵਿੱਚ ਮੱਥਾ ਰਗੜ ਰਹੇ ਹਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਰਾਜਕਾਲ ਦੌਰਾਨ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ, ਸਗੋਂ ਨੌਕਰੀਆਂ ਮੰਗ ਰਹੇ ਬੇਰੁਜ਼ਗਾਰ ਨੌਜਵਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਧੋਖ਼ਾ ਦਿੱਤਾ ਹੈ। ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ, ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਵਾਅਦੇ ਤਾਂ ਕੀ ਪੂਰੇ ਕਰਨੇ ਸਨ, ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਬਦੀ ਕਰਨ ਵਾਲੇ ਦੋਸ਼ੀਆਂ ਅਤੇ ਸਿੱਖਾਂ ਉਤੇ ਗੋਲੀ ਚਲਾਉਣ ਵਾਲਿਆਂ ਸਾਜਿਸ਼ਘਾੜਿਆਂ ਨੂੰ ਵੀ ਅਜੇ ਤੱਕ ਕੋਈ ਸਜ਼ਾ ਨਹੀਂ ਮਿਲੀ। ਚੀਮਾ ਨੇ ਕਿਹਾ ਅੱਜ ਪੰਜਾਬ ਵਿੱਚ ਹਰ ਦਿਨ ਨਕਲੀ ਸ਼ਰਾਬ ਬਣਾਉਣ ਵਾਲੀਆਂ ਫ਼ੈਕਟਰੀਆਂ ਫੜੀਆਂ ਜਾ ਰਹੀਆਂ ਹਨ। ਬਾਦਲਾਂ ਦੇ ਰਾਜ ਦੀ ਤਰਾਂ ਨਸ਼ਾ ਮਾਫੀਆ, ਟਰਾਂਸਪਰਟ ਮਾਫੀਆ, ਰੇਤ ਤੇ ਖਣਜ ਮਾਫੀਆ ਅਤੇ ਗੁੰਡਾਗਰਦੀ ਜਾਰੀ ਹੈ ਅਤੇ ਪੰਜਾਬ ਦੇ ਲੋਕ ਪੁਲੀਸ ਅਤੇ ਮਾਫੀਆ ਰਾਜ ਦੇ ਜ਼ੁਲਮਾਂ ਨਾਲ ਤੜਪ ਰਹੇ ਹਨ। ਉਨਾਂ ਕਿਹਾ ਖਾਣ ਪੀਣ ਵਾਲੀਆਂ ਵਸਤਾਂ ਦੀ ਮਹਿੰਗਾਈ ਸਿਖ਼ਰ ‘ਤੇ ਪਹੁੰਚ ਗਈ ਹੈ ਅਤੇ ਗਰੀਬ ਲੋਕਾਂ ਨੂੰ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ, ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਨੂੰ ਛੱਡ ਕੇ ਦਿੱਲੀ ਦਰਬਾਰ ਦੀਆਂ ਹਜ਼ਾਰੀਆਂ ਭਰਨ ਵਿੱਚ ਮਸਤ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ਖਾਤਰ ਗੈਰ ਸੰਵਿਧਾਨਕ ਅਤੇ ਪੰਜਾਬ ਵਿਰੁੱਧੀ ਫ਼ੈਸਲੇ ਕਰ ਰਹੇ ਹਨ। ਆਮ ਲੋਕਾਂ ਦੀ ਥਾਂ ਅਮੀਰ ਕਾਂਗਰਸੀਆਂ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਜਦੋਂ ਕਿ ਆਮ ਲੋਕਾਂ ਦੇ ਧੀਆਂ ਪੁੱਤ ਹਰ ਦਿਨ ਪੰਜਾਬ ਪੁਲੀਸ ਦੀਆਂ ਡਾਂਗਾਂ ਖਾ ਰਹੇ ਹਨ। ਤਨਖਾਹ ਕਮਿਸ਼ਨ ਦੇ ਨਾਂਅ ‘ਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਮੂਰਖ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਰਹਿ ਗਈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਤਾਂ ਠੰਡੀਆਂ ਵਾਦੀਆਂ ਵਿੱਚ ਬੈਠੇ ਰਹੇ ਸਨ ਅਤੇ ਹੁਣ ਦਿੱਲੀ ਦਰਬਾਰ ‘ਚ ਕੁਰਸੀ ਬਚਾਉਣ ਲਈ ਤਰਲੇ ਲੈ ਰਹੇ ਹਨ। ਚੀਮਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ 2022 ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਆਗੂਆਂ ਕੋਲੋਂ 2017 ਵਿੱਚ ਕੀਤੇ ਚੋਣ ਵਾਅਦਿਆਂ ਹਿਸਾਬ ਕਿਤਾਬ ਜ਼ਰੂਰ ਲੈਣ।