ਕੋਰੋਨਾ ਕਰਕੇ ਕਾਫ਼ੀ ਸਮਾਂ ਟਾਲਿਆ ਜਾ ਚੁੱਕਾ ਹੈ
ਕੈਲਗਰੀ, 24 ਜੂਨ 2021 : ਅਗਲੇ 4 ਮਹੀਨਿਆਂ ਦੇ ਅੰਦਰ ਅੰਦਰ ਦੇਸ਼ ਵਿੱਚ ਫੈਡਰਲ ਚੋਣਾਂ ਹੋ ਸਕਦੀਆਂ ਹਨ, ਇਸ ਦਾ ਸਬੂਤ ਹੁਣ ਪਾਰਲੀਮੈਂਟ ਵਿੱਚ ਚੱਲ ਰਹੀ ਕਾਰਵਾਈ ਤੋਂ ਮਿਲਣ ਲੱਗਿਆ ਹੈ। ਸੰਸਦ ਵਿੱਚ ਆਖ਼ਰੀ ਦਿਨ ਦੀ ਕਾਰਵਾਈ ਦੌਰਾਨ ਪ੍ਰਾਇਮ ਮਨਿਸਟਰ ਜਸਟਿਨ ਟਰੂਡੋ ਨੂੰ ਕੰਜ਼ਰਵੇਟਿਵ ਪਾਰਟੀ ਅਤੇ ਐਨਡੀਪੀ ਦੇ ਤਿੱਖੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਟੋਰੀ ਲੀਡਰ ਐਰਿਨ ਓ’ਟੂਲ ਦਾ ਕਹਿਣਾ ਸੀ ਕਿ ਲਿਬਰਲ ਸਰਕਾਰ ਨੇ ਟਕਸਾਂ ਤੋਂ ਉਗਾਹੀ ਰਕਮ ਦੀ ਬੇਰਹਿਮੀ ਨਾਲ ਦੁਰਵਰਤੋਂ ਕੀਤੀ ਹੈ ਜਦੋਂ ਕਿ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਸੀ ਕਿ ਲੋੜਵੰਦਾਂ ਨੂੰ ਬਣਦੇ ਪ੍ਰੋਗਰੈਮਜ਼ ਲਈ ਸਰਕਾਰ ਨੇ ਸਿਰਫ਼ ਪਾਖੰਡ ਹੀ ਕੀਤਾ ਹੈ ਤੇ ਕੁਝ ਵੀ ਠੋਸ ਨਹੀਂ ਕੀਤਾ।
ਲਿਬਰਲਜ਼ ਦਾ ਕਹਿਣਾ ਸੀ ਕਿ ਉਹਨਾਂ ਨੇ ਪੈਨਡੈਮਿਕ ਦੌਰਾਨ ਇਕੌਨੋਮੀ ਨੂੰ ਬਚਾਉਣ ਅਤੇ ਲੋਕਾਂ ਨੂੰ ਰਾਹਤ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਤੇ ਐਲਜੀਟੀਬੀਕਿਊ, ਗੈਸ ਐਮਿਸ਼ਨਜ਼, ਮੂਲ ਨਿਵਾਸੀਆਂ ਅਤੇ ਇਕੌਨੋਮੀ ਲਈ ਬਹੁਤ ਕੁਝ ਕੀਤਾ ਹੈ। ਮਿਲਟਰੀ ਸੈਕਸ ਸਕੈਂਡਲ ‘ਤੇ ਸਰਕਾਰ ਨੇ ਦੜ ਵੱਟੀ ਰੱਖੀ ਹੈ ਤੇ ਸਪੀਕਰ ਨੂੰ ਦਸਤਾਵੇਜ਼ ਦੇਣ ਤੋਂ ਰੋਕਣ ਲਈ ਅਦਾਲਤ ਜਾਣ ਦਾ ਮੁੱਦਾ ਭਖਿਆ ਰਿਹਾ ਪਰ ਸਰਕਾਰ ਜਵਾਬ ਦੇਣ ਤੋਂ ਟਲਦੀ ਰਹੀ ਹੈ। ਹੁਣ ਅਕਤੂਬਰ ਤੱਕ ਫੈਡਰਲ ਚੋਣਾਂ ਹੋਣ ਦਾ ਰਸਤਾ ਪੱਧਰਾ ਹੁੰਦਾ ਜਾਪ ਰਿਹਾ ਹੈ।