ਲੁਧਿਆਣਾ, 12 ਜੁਲਾਈ, 2021: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਣੇ 7 ਹੋਰ ਜਣਿਆਂ ਖਿਲਾਫ਼ ਬਲਾਤਕਾਰ ਅਤੇ ਹੋਰ ਮਾਮਲਿਆਂ ਤਹਿਤ ਐਫ.ਆਈ.ਆਰ. ਦਰਜ ਹੋਈ ਹੈ। ਪੁਲਿਸ ਥਾਣਾ ਡਿਵੀਜ਼ਨ ਨੰਬਰ 6 ਵਿੱਚ ਐਫ.ਆਈ.ਆਰ.ਨੰਬਰ 180 ਧਾਰਾ 376, 354, 354-ਏ, 506 ਅਤੇ 120-ਬੀ ਆਈ.ਪੀ.ਸੀ. ਤਹਿਤ 10 ਜੁਲਾਈ ਨੂੰ ਦਰਜ ਕੀਤੀ ਗਈ ਸੀ। ਇਸ ਕੇਸ ‘ਚ ਕਰਮਜੀਤ ਸਿੰਘ, ਪਰਮਜੀਤ ਸਿੰਘ ਅਤੇ ਗੋਗੀ ਸ਼ਰਮਾ ਤੋਂ ਇਲਾਵਾ ਬਲਜਿੰਦਰ ਕੌਰ, ਜਸਬੀਰ ਕੌਰ ਅਤੇ ਸੁਖ਼ਚੈਨ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਐਫ.ਆਈ.ਆਰ. ‘ਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਹ ਕੇਸ ਲੁਧਿਆਣਾ ਦੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ: ਹਰਸਿਮਰਨਜੀਤ ਸਿੰਘ ਦੇ ਹੁਕਮਾਂ ’ਤੇ ਦਰਜ ਕੀਤਾ ਗਿਆ ਹੈ। ਇਸ ਕੇਸ ਲੁਧਿਆਣਾ ਦੀ ਇਕ 45 ਸਾਲਾ ਔਰਤ ਦਾ ਹੈ ਜਿਸ ਨੇ ਸਿਮਰਜੀਤ ਸਿੰਘ ਬੈਂਸ ’ਤੇ ਦੋਸ਼ ਲਾਏ ਸੀ ਕਿ ਬੈਂਸ ਨੇ ਉਸ ਨਾਲ ਜਬਰ ਜਨਾਹ ਕੀਤਾ ਹੈ।