ਫਰਿਜ਼ਨੋ (ਕੈਲੀਫੋਰਨੀਆ), 13 ਜੁਲਾਈ 2021: ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਫਾਇਰ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 670 ਤੋਂ ਵੱਧ ਲੋਕ ਘਰਾਂ ਵਿੱਚ ਅੱਗ ਲੱਗਣ ਕਾਰਨ ਬੇਘਰ ਹੋਏ ਹਨ, ਜਿਨ੍ਹਾਂ ਵਿੱਚ ਪਿਛਲੇ ਹਫਤੇ ਦੇ ਅੰਤ ਵਿੱਚ ਵੀ 64 ਸ਼ਾਮਲ ਹਨ। ਵਿਭਾਗ ਅਨੁਸਾਰ ਬਹੁਤ ਸਾਰੇ ਘਰਾਂ ਅਤੇ ਅਪਾਰਟਮੈਂਟਾਂ ਵਿੱਚ ਲੱਗੀ ਅੱਗ ਦੇ ਕਾਰਨ ਬਹੁਤ ਸਾਰੇ ਅਜਿਹੇ ਪਰਿਵਾਰ ਹਨ ਜੋ ਜਿੰਦਗੀ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਦਿਨੀਂ ਫਰਿਜ਼ਨੋ ਦੇ ਐਂਡਰਿਊ ਐਵੀਨਿਊ ਅਤੇ ਪਲੀਜੈਂਟ ਵਿਖੇ ਦੋ ਅਪਾਰਟਮੈਂਟ ਕੰਪਲੈਕਸਾਂ ਵਿੱਚ ਲੱਗੀ ਅੱਗ ਨੇ ਤਕਰੀਬਨ 56 ਲੋਕਾਂ ਨੂੰ ਉਜਾੜ ਦਿੱਤਾ। ਫਰਿਜ਼ਨੋ ਫਾਇਰ ਵਿਭਾਗ ਨੇ ਇਸ ਸਾਲ 550 ਤੋਂ ਵੱਧ ਇਮਾਰਤਾਂ ਅਤੇ ਢਾਂਚਿਆਂ ਨੂੰ ਲੱਗੀਆਂ ਅੱਗਾਂ ‘ਤੇ ਕਾਬੂ ਪਾਉਣ ਲਈ ਕਾਰਵਾਈ ਕੀਤੀ ਹੈ। ਜੋ ਕਿ ਕੁੱਲ ਮਿਲਾ ਕੇ, ਫਰਿਜ਼ਨੋ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 36% ਵੱਧ ਹੈ।ਅਧਿਕਾਰੀਆਂ ਅਨੁਸਾਰ ਸ਼ਹਿਰ ਵਿੱਚ ਅੱਗ ਬਹੁਤ ਸਾਰੇ ਹਾਦਸਿਆਂ ਕਾਰਨ ਵਾਪਰਦੀ ਹੈ ਜੋ ਕਿ ਅਕਸਰ ਘਰ ਵਿੱਚ ਵਾਪਰਦੇ ਹਨ। ਇਸ ਲਈ ਅੱਗ ਲੱਗਣ ਦੇ ਖਤਰਿਆਂ ਨੂੰ ਘੱਟ ਕਰਨ ਲਈ ਘਰ ਅੰਦਰ ਅੱਗ ਲੱਗਣ ਦੇ ਕਾਰਨਾਂ ਨੂੰ ਘੱਟ ਕਰਨ ਦੀ ਜਰੂਰਤ ਹੈ। ਫਰਿਜ਼ਨੋ ਸ਼ਹਿਰ ਵਿੱਚ ਘਰੇਲੂ ਅੱਗਾਂ ਤੋਂ ਪ੍ਰਭਾਵਿਤ ਲੋਕਾਂ ਲਈ ਰੈੱਡ ਕਰਾਸ ਸੰਸਥਾ ਵੱਲੋਂ ਅਸਥਾਈ ਸਹਾਇਤਾ ਕੇਂਦਰ ਵੀ ਖੋਲ੍ਹਿਆ ਗਿਆ ਹੈ।