ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਐਸਸੀ ਮੋਰਚੇ ਦੇ ਮੈਂਬਰਾਂ ਨੇ ਅੱਜ ਚੰਡੀਗੜ੍ਹ ‘ਚ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਸੈਕਟਰ-25 ਸਥਿਤ ਰੈਲੀ ਦੇ ਮੈਦਾਨ ਵਿੱਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਐਸਸੀ ਮੋਰਚਾ ਵਰਕਰਾਂ ਨੇ ਸੈਕਟਰ-2, ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ। ਪਰ ਮੁੱਖ ਮੰਤਰੀ ਦੇ ਨਿਵਾਸ ‘ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਰੋਕ ਲਿਆ ਗਿਆ।

ਐਸਸੀ ਮੋਰਚਾ ਦੇ ਨੇਤਾਵਾਂ ਨੇ ਰੈਲੀ ਗਰਾਉਂਡ ਵਿਖੇ ਸਮੂਹ ਮੈਂਬਰਾਂ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ, ਜਿਸ ਤੋਂ ਬਾਅਦ ਪ੍ਰਦਰਸ਼ਨ ਵਿੱਚ ਸ਼ਾਮਲ ਸਾਰੇ ਲੋਕ ਮੁੱਖ ਮੰਤਰੀ ਰਿਹਾਇਸ਼ ਲਈ ਰਵਾਨਾ ਹੋ ਗਏ। ਉੱਥੇ ਹੀ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਸਨ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਸਨ। ਅਜਿਹੀ ਸਥਿਤੀ ਵਿਚ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋਂ ਪੁਲਿਸ ਨੇ ਮੋਰਚੇ ਦੇ ਵਰਕਰਾਂ ਨੂੰ ਅੱਗੇ ਵਧਣ ਤੋਂ ਰੋਕਿਆ।

ਇਸ ਤੋਂ ਬਾਅਦ ਜਦੋਂ ਵਰਕਰ ਇਸ ਲਈ ਸਹਿਮਤ ਨਹੀਂ ਹੋਏ ਤਾਂ ਪੁਲਿਸ ਨੇ ਉਨ੍ਹਾਂ ਉੱਤੇ ਵਾਟਰ ਕੈਨਨ ਦੀ ਵਰਤੋਂ ਕੀਤੀ। ਇਸ ਦੌਰਾਨ ਕਈ ਵਰਕਰ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਕੁੱਝ ਨੂੰ ਹਲਕੀਆਂ ਸੱਟਾਂ ਵੀ ਆਈਆਂ ਹਨ। ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਜਾਣ ‘ਤੇ ਅੜੇ ਰਹੇ। ਪਰ ਚੰਡੀਗੜ੍ਹ ਪੁਲਿਸ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦੇ ਰਹੀ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

ਬੀਜੇਪੀ ਪੰਜਾਬ ਐਸਸੀ ਮੋਰਚਾ ਦੇ ਰਾਜੇਸ਼ ਬਾਗਾ ਨੇ ਕਿਹਾ ਕਿ ਅੱਜ ਸਰਕਾਰ ਪੰਜਾਬ ਵਿੱਚ ਦਲਿਤ ਪਰਿਵਾਰਾਂ ‘ਤੇ ਅੱਤਿਆਚਾਰ ਕਰ ਰਹੀ ਹੈ। ਇਸ ਸਥਿਤੀ ਨੂੰ ਦੇਖਦਿਆਂ ਬਾਗਾ ਨੇ ਦੋਸ਼ ਲਾਇਆ ਕਿ ਦਲਿਤ ਭਾਈਚਾਰਾ ਇਕੱਲਾ ਮਹਿਸੂਸ ਕਰ ਰਿਹਾ ਸੀ। ਕੁੱਝ ਦਿਨਾਂ ਵਿਚ ਹੀ ਪੰਜਾਬ ਵਿਚ ਕਈ ਦਲਿਤ ਲੋਕ ਮਾਰੇ ਜਾ ਚੁੱਕੇ ਹਨ। ਪੰਜਾਬ ਦੇ ਮੰਤਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਵਿੱਚ ਸ਼ਾਮਲ ਹਨ। ਪਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਘੱਪਲੇ ਹੋਏ ਹਨ। ਉਸ ਦੀ ਜਾਂਚ ਕਰਵਾਈ ਜਾਵੇ।

Leave a Reply

Your email address will not be published. Required fields are marked *