ਲੁਧਿਆਣਾ :- ਕਾਂਗਰਸ ਹਾਈਕਮਾਨ ਵੱਲੋਂ ਭਾਵੇਂ ਹੀ ਕਾਫੀ ਜੱਦੋ-ਜਹਿਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ ਪਰ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਫ਼ੈਸਲੇ ਨਾਲ ਬਿਲਕੁਲ ਸਹਿਮਤ ਨਹੀਂ ਹਨ। ਹਾਲਾਂਕਿ ਕੈਪਟਨ ਅਤੇ ਸਿੱਧੂ ਨੇ ਫਿਲਹਾਲ ਇਕ-ਦੂਜੇ ਨੂੰ ਲੈ ਕੇ ਜਨਤਕ ਤੌਰ ‘ਤੇ ਆਪਣਾ ਰੁਖ ਸਪੱਸ਼ਟ ਨਹੀਂ ਕੀਤਾ ਹੈ, ਫਿਰ ਵੀ ਜੇਕਰ ਕੈਪਟਨ ਨੇ ਹਾਈਕਮਾਨ ਦੇ ਦਬਾਅ ‘ਚ ਸਿੱਧੂ ਨੂੰ ਆਪਣਾ ਆਸ਼ੀਰਵਾਦ ਦੇ ਦਿੱਤਾ ਅਤੇ ਸਿੱਧੂ ਦੇ ਤੇਵਰ ਕੈਪਟਨ ਪ੍ਰਤੀ ਨਰਮ ਵੀ ਹੋ ਗਏ ਤਾਂ ਵੀ ਆਉਣ ਵਾਲੇ ਦਿਨਾਂ ‘ਚ ਦੋਹਾਂ ਵਿਚਕਾਰ ਮੰਤਰੀ ਮੰਡਲ ਦੇ ਪੁਨਰਗਠਨ ਨੂੰ ਲੈ ਕੇ ਖਿੱਚੋਤਾਣ ਹੋਣਾ ਤੈਅ ਮੰਨਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਕੈਪਟਨ ਵੱਲੋਂ ਸੁਨੀਲ ਜਾਖੜ ਦੀ ਥਾਂ ਮਨੀਸ਼ ਤਿਵਾੜੀ ਜਾਂ ਵਿਜੈਇੰਦਰ ਸਿੰਗਲਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਉਣ ਦੀ ਸਿਫਾਰਿਸ਼ ਕੀਤੀ ਗਈ ਸੀ। ਹਾਈਕਮਾਨ ਵੱਲੋਂ ਉਨ੍ਹਾਂ ਦੀ ਮੰਗ ਨੂੰ ਦਰਕਿਨਾਰ ਕਰ ਦਿੱਤਾ ਗਿਆ ਅਤੇ ਕਾਰਜਕਾਰੀ ਪ੍ਰਧਾਨ ਲਾਉਣ ਦੇ ਮਾਮਲੇ ‘ਚ ਵੀ ਕੈਪਟਨ ਦੀ ਜ਼ਿਆਦਾ ਸੁਣਵਾਈ ਨਾ ਹੋਣ ਦੀ ਸੂਚਨਾ ਹੈ। ਇਸ ਤੋਂ ਬਾਅਦ ਵਾਰੀ ਆਵੇਗੀ ਮੰਤਰੀ ਮੰਡਲ ਦੇ ਪੁਨਰਗਠਨ ਦੀ, ਜਿਸ ਤਹਿਤ ਪਹਿਲਾਂ ਤੋਂ ਹੀ ਦੋ ਡਿਪਟੀ ਸੀ. ਐੱਮ. ਬਣਾਉਣ ਤੋਂ ਇਲਾਵਾ ਕੁੱਝ ਮੰਤਰੀਆਂ ਦੀ ਛੁੱਟੀ ਅਤੇ ਨਵੇਂ ਚਿਹਰਿਆਂ ਦੀ ਐਂਟਰੀ ਤੋਂ ਇਲਾਵਾ ਵਿਭਾਗਾਂ ‘ਚ ਫੇਰਬਦਲ ਹੋਣ ਦੀਆਂ ਅਟਕਲਾਂ ਸੁਣਨ ਨੂੰ ਮਿਲ ਰਹੀਆਂ ਹਨ।
ਹੁਣ ਕਈ ਅਜਿਹੇ ਮੰਤਰੀਆਂ ਵੱਲੋਂ ਖੁੱਲ੍ਹੇਆਮ ਸਿੱਧੂ ਨੂੰ ਸਮਰਥਨ ਦੇ ਦਿੱਤਾ ਗਿਆ, ਜਿਨ੍ਹਾਂ ਨੂੰ ਕੈਪਟਨ ਨਾਲ ਬਗਾਵਤ ਕਰਨ ਦੇ ਦੋਸ਼ ‘ਚ ਬਦਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਨ੍ਹਾਂ ਮੰਤਰੀਆਂ ਨੂੰ ਬਚਾਉਣ ਲਈ ਸਿੱਧੂ ਵੱਲੋਂ ਸਟੈਂਡ ਲਿਆ ਜਾ ਸਕਦਾ ਹੈ।
ਇਸ ਤਰ੍ਹਾਂ ਕਈ ਅਜਿਹੇ ਵਿਧਾਇਕ ਹਨ, ਜੋ ਸਿੱਧੂ ਨਾਲ ਖੜ੍ਹੇ ਨਜ਼ਰ ਆ ਰਹੇ ਹਨ, ਜੋ ਲੰਬੇ ਸਮੇਂ ਤੋਂ ਮੰਤਰੀ ਬਣਨ ਲਈ ਦਾਅਵੇਦਾਰੀ ਜਤਾ ਰਹੇ ਸਨ। ਇਨ੍ਹਾਂ ਵਿਧਾਇਕਾਂ ਲਈ ਸਿੱਧੂ ਵੱਲੋਂ ਆਪਣੇ ਕੋਟੇ ‘ਚੋਂ ਮੰਤਰੀ ਅਹੁਦੇ ਦੀ ਮੰਗ ਕੀਤੀ ਜਾ ਸਕਦੀ ਹੈ, ਜਿਸ ਨੂੰ ਲੈ ਕੇ ਕੈਪਟਨ ਤੋਂ ਇਲਾਵਾ ਹਾਈਕਮਾਨ ਦਾ ਕੀ ਰੁਖ ਹੋਵੇਗਾ, ਉਸ ਵੱਲ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।