ਕਰਨਾਲ – ਪਿਛਲੇ ਹਫਤੇ ਹਰਿਆਣਾ ਦੇ ਕਰਨਾਲ ਵਿੱਚ ਕਿਸਾਨਾਂ ‘ਤੇ ਲਾਠੀਚਾਰਜ ਕਰਨ ਦਾ ਹੁਕਮ ਦੇਣ ਵਾਲੇ ਐੱਸ.ਡੀ.ਐੱਮ. ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਐੱਸ.ਡੀ.ਐੱਮ. ਆਉਸ਼ ਸਿਨਹਾ ਦਾ ਲਾਠੀਚਾਰਜ ਕਰਨ ਦਾ ਹੁਕਮ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਗਿਆ ਸੀ ਅਤੇ ਕਿਸਾਨ ਸੰਗਠਨਾਂ ਸਮੇਤ ਕਈ ਰਾਜਨੀਤਕ ਦਲ ਵੀ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ।
ਕਰਨਾਲ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਲਾਠੀਚਾਰਜ ਕਰਨ ਦੇ ਹੁਕਮ ਤੋਂ ਬਾਅਦ ਹਰਿਆਣਾ ਸਰਕਾਰ ਨੇ ਉਨ੍ਹਾਂ ਦੀ ਭਾਸ਼ਾ ਦੀ ਨਿੰਦਾ ਕਰਦੇ ਹੋਏ ਇਸ ਪੂਰੇ ਮਾਮਲੇ ਦੀ ਜਾਂਚ ਹਰਿਆਣਾ ਦੇ ਗ੍ਰਹਿ ਸਕੱਤਰ ਨੂੰ ਸੌਂਪੀ ਸੀ ਅਤੇ ਅੱਜ ਹੀ ਗ੍ਰਹਿ ਸਕੱਤਰ ਨੇ ਕਰਨਾਲ ਦੇ ਡਿਪਟੀ ਕਮਿਸ਼ਨਰ ਤੋਂ ਪੂਰੇ ਮਾਮਲੇ ਦੀ ਰਿਪੋਰਟ ਲਈ ਸੀ, ਜਿਸ ਤੋਂ ਬਾਅਦ ਅੱਜ ਬੁੱਧਵਾਰ ਨੂੰ ਆਉਸ਼ ਸਿਨਹਾ ਦਾ ਤਬਾਦਲਾ ਵਧੀਕ ਸਕੱਤਰ ਦੇ ਤੌਰ ‘ਤੇ ਕਰ ਦਿੱਤਾ ਗਿਆ।
ਆਉਸ਼ ਸਿਨਹਾ 2018 ਬੈਚ ਦੇ ਹਰਿਆਣਾ ਕੈਡਰ ਦੇ ਆਈ.ਏ.ਐੱਸ. ਅਧਿਕਾਰੀ ਹਨ। ਹਾਲਾਂਕਿ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਕਰਨਾਲ ਦੇ ਐੱਸ.ਡੀ.ਐੱਮ. ਨੇ ਬਾਅਦ ਵਿੱਚ ਮੁਆਫੀ ਮੰਗ ਲਈ ਸੀ ਪਰ ਕਿਸਾਨ ਸੰਗਠਨ ਬਰਖਾਸਤਗੀ ‘ਤੇ ਫਸੇ ਹੋਏ ਸਨ।
ਪਿਛਲੇ ਹਫਤੇ ਸ਼ਨੀਵਾਰ ਨੂੰ ਕਰਨਾਲ ਵਿੱਚ ਲਾਠੀਚਾਰਜ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਸਰਕਾਰ ਖ਼ਿਲਾਫ਼ ਅੰਦੋਲਨ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਲਾਠੀਚਾਰਜ ਤੋਂ ਬਾਅਦ ਹਰਿਆਣਾ ਦੇ ਨੂੰਹ ਵਿੱਚ ਆਯੋਜਿਤ ਕਿਸਾਨ ਮਹਾਪੰਚਾਇਤ ਵਿੱਚ ਕਿਸਾਨ ਨੇਤਾ ਦਰਸ਼ਨਪਾਲ ਨੇ ਭੜਕਾਊ ਬਿਆਨ ਦੇ ਦਿੱਤਾ।