ਐਨਏਬੀਐਚ ਦੀ ਮਾਨਤਾ ਨਾਲ ਸ਼੍ਰੋਮਣੀ ਕਮੇਟੀ ਦੀਆਂ ਸਿਹਤ ਸੇਵਾਵਾਂ ਦੀ ਭਰੋਸੇਯੋਗਤਾ ਹੋਰ ਉੱਭਰੀ-ਬੀਬੀ ਜਗੀਰ ਕੌਰ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਅੰਮ੍ਰਿਤਸਰ ਨੂੰ ਐਨਏਬੀਐਚ ਵੱਲੋਂ ਮਾਨਤਾ ਮਿਲਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਖੁਸ਼ੀ ਪ੍ਰਗਟ ਕਰਦਿਆਂ ਹਸਪਤਾਲ ਦੇ ਸਟਾਫ਼ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਪੱਧਰ ਦੀ ਸੰਸਥਾ ਵੱਲੋਂ ਹਸਪਤਾਲ ਨੂੰ ਮਾਨਤਾ ਮਿਲਣ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ ਦੀ ਭਰੋਸੇਯੋਗਤਾ ਅਤੇ ਪ੍ਰਤੀਬੱਧਤਾ ਹੋਰ ਉੱਭਰੀ ਹੈ। ਇਸ ਨਾਲ ਸੰਸਥਾ ਦਾ ਸਟਾਫ਼ ਵਚਨਬੱਧਤਾ ਨਾਲ ਆਪਣੇ ਫ਼ਰਜ਼ਾਂ ਪ੍ਰਤੀ ਹੋਰ ਤੀਬਰਤਾ ਨਾਲ ਡਿਊਟੀ ਨਿਭਾਵੇਗਾ।
ਦੱਸਣਯੋਗ ਹੈ ਕਿ ਨੈਸ਼ਨਲ ਐਕਰੀਡਿਟੇਸ਼ਨ ਬੋਰਡ ਫਾਰ ਹਸਪਤਾਲ ਐਂਡ ਹੈਥਲਕੇਅਰ ਪ੍ਰੋਵਾਇਡਰਜ਼ (ਐਨਏਬੀਐਚ) ਵੱਲੋਂ ਮੁਲਾਂਕਣ ਮਗਰੋਂ ਬੀਤੇ ਕੱਲ੍ਹ ਹੀ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਅੰਮ੍ਰਿਤਸਰ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਮੁਲਾਂਕਣ ਦੌਰਾਨ ਵੱਖ-ਵੱਖ ਮਾਪਦੰਡਾਂ ਤਹਿਤ ਹਸਪਤਾਲ ਦੇ ਕੰਮ-ਕਾਜ, ਰੱਖ-ਰਖਾਂਵ, ਮਰੀਜ਼ਾਂ ਦੀ ਦੇਖਭਾਲ, ਇਲਾਜ਼ ਲਈ ਜ਼ੁੰਮੇਵਾਰੀ, ਸਾਫ਼-ਸਫ਼ਾਈ ਆਦਿ ਪੱਖਾਂ ਨੂੰ ਪਰਖਿਆ ਗਿਆ ਸੀ। ਬੀਬੀ ਜਗੀਰ ਕੌਰ ਨੇ ਆਖਿਆ ਕਿ ਸੰਸਥਾ ਦੇ ਸਟਾਫ਼ ਨੇ ਆਪਣੀ ਜ਼ੁੰਮੇਵਾਰੀ ਤਨਦੇਹੀ ਨਾਲ ਨਿਭਾਉਂਦਿਆਂ ਇਸ ਵਕਾਰੀ ਮਾਨਤਾ ਹਾਸਲ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ।
ਸੰਸਥਾ ਦੇ ਮੈਡੀਕਲ ਸਟਾਫ਼, ਪੈਰਾ ਮੈਡੀਕਲ ਸਟਾਫ਼, ਸਕਿਓਰਟੀ ਅਤੇ ਸਫ਼ਾਈ ਆਦਿ ਕਰਮਚਾਰੀਆਂ ਨੇ ਇਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਅਤੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੇ ਵੀਸੀ, ਡਾਇਰੈਕਟਰ ਪ੍ਰਿੰਸੀਪਲ, ਸਕੱਤਰ, ਵਧੀਕ ਸਕੱਤਰ, ਮੈਡੀਕਲ ਸੁਪ੍ਰਿੰਟੈਂਡੈਂਟ ਅਤੇ ਹੇਠਲੇ ਸਟਾਫ਼ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਅਜਿਹੀਆਂ ਹੀ ਪ੍ਰਾਪਤੀਆਂ ਲਈ ਕਾਰਜਸ਼ੀਲ ਰਹਿਣ ਦੀ ਆਸ ਪ੍ਰਗਟਾਈ।