ਨਿਊਯਾਰਕ : ਅਮਰੀਕਾ ਪਹੁੰਚੇ ਪੀ.ਐੱਮ. ਮੋਦੀ ਨੇ ਇਸ ਯਾਤਰਾ ਜ਼ਰੀਏ ਦਹਾਕਿਆਂ ਤੋਂ ਚਲਦੀ ਆ ਰਹੀ ਪਰੰਪਰਾ ਨੂੰ ਤੋੜ ਦਿੱਤਾ ਹੈ। ਦਰਅਸਲ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਜਾਣ ਵਾਲੇ ਪ੍ਰਧਾਨ ਮੰਤਰੀ ਹੁਣ ਤੱਕ ਜਰਮਨੀ ਦੇ ਫਰੈਂਕਫਰਟ ਸ਼ਹਿਰ ਵਿਚ ਰੁੱਕਦੇ ਸਨ ਅਤੇ ਇਸ ਤੋਂ ਬਾਅਦ ਉਥੋਂ ਅਮਰੀਕਾ ਲਈ ਰਵਾਨਾ ਹੁੰਦੇ ਸਨ। ਇਸ ਵਾਰ ਅਜਿਹਾ ਨਹੀਂ ਹੋਇਆ ਅਤੇ ਪੀ.ਐੱਮ. ਮੋਦੀ ਬਿਨ੍ਹਾਂ ਰੁਕੇ ਹੀ ਸਿੱਧਾ ਨਿਊਯਾਰਕ ਪਹੁੰਚ ਗਏ। ਕਰੀਬ 13 ਘੰਟੇ ਲੰਬੀ ਇਸ ਯਾਤਰਾ ਨੂੰ ਬਿਨ੍ਹਾਂ ਰੁਕੇ ਪੂਰਾ ਕਰਨ ਦਾ ਸਿਹਰਾ ਪੀ.ਐੱਮ. ਮੋਦੀ ਦੇ ਅਤਿਆਧੁਨਿਕ ਏਅਰ ਇੰਡੀਆ ਵਨ ਜਹਾਜ਼ ਨੂੰ ਜਾਂਦਾ ਹੈ, ਜਿਸ ਨੂੰ ਹਾਲ ਹੀ ‘ਚ ਏਅਰ ਇੰਡੀਆ ਦੇ ਬੇੜੇ ਵਿਚ ਸ਼ਾਮਲ ਕੀਤਾ ਗਿਆ ਹੈ।
ਪੀ.ਐਮ. ਮੋਦੀ ਕਵਾਡ ਸਿਖ਼ਰ ਸੰਮੇਲਨ ਅਤੇ ਸੰਯੁਕਤ ਰਾਸ਼ਟਰ ਆਮ ਸਭਾ ਨੂੰ ਸੰਬੋਧਿਤ ਕਰਨ ਲਈ ਨਿਊਯਾਰਕ ਪੁੱਜੇ ਹਨ। ਭਾਰਤ ਦਾ ਇਹ ਵੀ.ਵੀ.ਆਈ.ਪੀ. ਏਅਰਕ੍ਰਾਫਟ ਏਅਰ ਇੰਡੀਆ ਵਨ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਸਫ਼ਰ ਕਰਦਾ ਹੈ। ਇਸ ਨੂੰ ਪਿਛਲੇ ਸਾਲ ਅਕਤੂਬਰ ਵਿਚ ਹੀ ਏਅਰ ਇੰਡੀਆ ਦੇ ਬੇੜੇ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਜਹਾਜ਼ ਦੀ ਖ਼ਾਸੀਅਤ ਹੈ ਕਿ ਇਹ ਇਕ ਵਾਰ ਤੇਲ ਭਰਾਉਣ ਤੋਂ ਬਾਅਦ ਲਗਾਤਾਰ 17 ਘੰਟੇ ਤੱਕ ਉਡਾਣ ਭਰ ਸਕਦਾ ਹੈ। ਹੁਣ ਤੱਕ ਜਹਾਜ਼ ਵਿਚ ਤੇਲ ਭਰਨ ਲਈ ਜਹਾਜ਼ ਨੂੰ ਫਰੈਂਕਫਰਟ ਹਵਾਈਅੱਡੇ ’ਤੇ ਰੋਕਿਆ ਜਾਂਦਾ ਸੀ। ਪੀ.ਐੱਮ. ਮੋਦੀ ਦੇ ਜਹਾਜ਼ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਤੋਂ ਉਡਾਣ ਭਰੀ ਅਤੇ ਪਾਕਿਸਤਾਨੀ ਏਅਰ ਸਪੇਸ ਦਾ ਇਸਤੇਮਾਲ ਕਰਦੇ ਹੋਏ ਬਿਨਾਂ ਕਿਤੇ ਰੁਕੇ ਸਿੱਧਾ ਅਮਰੀਕਾ ਪੁੱਜਾ।