ਇਸਲਾਮਾਬਾਦ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਮੰਗਲਵਾਰ ਨੂੰ ਗਠਜੋੜ ਪਾਰਟੀਆਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਕੈਬਨਿਟ ਗਠਨ ‘ਤੇ ਚਰਚਾ ਕੀਤੀ। ਸਥਾਨਕ ਅਖਬਾਰ ‘ਦ ਨਿਊਜ਼’ ਨੇ ਦੱਸਿਆ ਕਿ ਸ਼ਰੀਫ਼ ਨੇ ਇਸ ਸਬੰਧ ਵਿੱਚ ਪੀ.ਪੀ.ਪੀ. (ਪਾਕਿਸਤਾਨ ਪੀਪਲਜ਼ ਪਾਰਟੀ) ਦੇ ਆਗੂ ਅਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪੀ.ਪੀ.ਪੀ. ਪ੍ਰਧਾਨ ਬਿਲਾਵਲ ਭੁੱਟੋ-ਜ਼ਰਦਾਰੀ, ਪਾਕਿਸਤਾਨ ਡੈਮੋਕਰੇਟਿਕ ਅਲਾਇੰਸ (ਪੀ.ਡੀ.ਐੱਮ.) ਦੇ ਪ੍ਰਧਾਨ ਅਤੇ ਜੇ.ਯੂ.ਆਈ.-ਐੱਫ. ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ, ਐੱਮ.ਕਿਯੂ.ਐੱਮ.-ਪਾਕਿਸਤਾਨ ਦੇ ਨੇਤਾਵਾਂ, ਬੀ.ਐੱਨ.ਪੀ.-ਮੈਂਗਲ ਦੇ ਮੁਖੀ ਸਰਦਾਰ ਅਖਤਰ ਮੈਂਗਲ, ਬੀ.ਏ.ਪੀ. ਸੰਸਦੀ ਨੇਤਾ ਖਾਲਿਦ ਮਗਾਸੀ, ਜਮਹੂਰੀ ਵਤਨ ਪਾਰਟੀ (ਜੇ.ਡਬਲਯੂ.ਪੀ.) ਦੇ ਮੁਖੀ ਸ਼ਾਹਜ਼ੈਨ ਬੁਗਤੀ ਅਤੇ ਆਜ਼ਾਦ ਮੈਂਬਰ ਅਸਲਮ ਭੁਟਾਨੀ ਦੇ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ।
ਇਸ ਦੌਰਾਨ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪੀ.ਪੀ.ਪੀ. ਕੈਬਨਿਟ ਵਿਚ ਸ਼ਾਮਲ ਹੋਣ ਦੀ ਇਛੁੱਕ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਖਜ਼ਾਨਾ ਬੈਂਚ ਤੋਂ ਆਪਣਾ ਸਮਰਥਨ ਦੇਣਗੇ। ਪਾਰਟੀ ਦੇ ਇਕ ਧੜੇ ਦਾ ਮੰਨਣਾ ਹੈ ਕਿ ਕੈਬਨਿਟ ਵਿਚ ਸ਼ਾਮਲ ਹੋਣ ਨਾਲ ਗਠਜੋੜ ਮਜ਼ਬੂਤ ਹੋਵੇਗਾ। ਉਥੇ ਹੀ ਦੂਜੇ ਧੜੇ ਦਾ ਮੰਨਣਾ ਹੈ ਕਿ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਲਈ ਚੋਣ ਸੁਧਾਰਾਂ ‘ਤੇ ਧਿਆਨ ਦੇਣ ਦੀ ਲੋੜ ਹੈ। ਇਸ ਦੌਰਾਨ ਪੀ.ਪੀ.ਪੀ. ਦੇ ਕੁਝ ਆਗੂਆਂ ਨੇ ਕਿਹਾ ਹੈ ਕਿ ਉਹ ਸੰਸਦ ਦੇ ਸੰਵਿਧਾਨਕ ਦਫ਼ਤਰ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ ਅਤੇ ਉਹ ਦੂਜੇ ਪੜਾਅ ਵਿੱਚ ਕੈਬਨਿਟ ਦਾ ਹਿੱਸਾ ਬਣਨਗੇ।