- ਆਪਣੇ ਜ਼ਿਲ੍ਹੇ ਪਟਿਆਲਾ ਨੂੰ ਕਿਸੇ ਵੀ ਹੋਰ ਕੋਵਿਡ ਲਹਿਰ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾ
ਪਟਿਆਲਾ-ਦੇਸ਼ ਵਿਚ ਕੋਰੋਨਾ ਫਿਰ ਤੋਂ ਹੌਲੀ-ਹੌਲੀ ਕਰ ਕੇ ਪੈਰ ਪਸਾਰ ਰਿਹਾ ਹੈ। ਪੰਜਾਬ ਵਿਚ ਵੀ ਪ੍ਰਸ਼ਾਸਨ ਇਸ ਨੂੰ ਲੈ ਕੇ ਅਲਰਟ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਵਿਡ ਤੋਂ ਬਚਾਅ ਲਈ ਹਰ ਤਰ੍ਹਾਂ ਦੇ ਬਚਾਅ ਸਾਧਨ, ਜਿਵੇਂ ਕਿ ਜਨਤਕ ਥਾਵਾਂ ’ਤੇ ਮਾਸਕ ਦੀ ਵਰਤੋਂ ਅਤੇ ਕੋਵਿਡ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਲਾਜ਼ਮੀ ਲੈਣ।
ਉਨ੍ਹਾਂ ਕਿਹਾ ਕਿ ਹਾਲਾਂਕਿ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਬੀਤੇ ਸਮੇਂ ਦੌਰਾਨ ਭਾਰੀ ਕਮੀ ਆਈ ਹੈ ਪਰ ਇਸ ਦੇ ਬਾਅਦ ਵੀ ਦੇਸ਼ ਦੇ ਕੁਝ ਰਾਜਾਂ ਵਿਚ ਕੋਵਿਡ ਦੇ ਮਾਮਲਿਆਂ ਵਿਚ ਦੁਬਾਰਾ ਮਾਮੂਲੀ ਵਾਧਾ ਦੇਖਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਣੇ ਜ਼ਿਲ੍ਹੇ ਪਟਿਆਲਾ ਨੂੰ ਕਿਸੇ ਵੀ ਹੋਰ ਕੋਵਿਡ ਲਹਿਰ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਪਰ ਇਸ ਲਈ ਸਾਨੂੰ ਸਹਿਯੋਗ ਕਰਨਾ ਪਵੇਗਾ।ਉਨ੍ਹਾਂ ਨੇ ਸਮੂਹ ਪਟਿਆਲਾ ਵਾਸੀਆਂ ਨੂੰ ਇਕ ਸਲਾਹ ਜਾਰੀ ਕਰਦਿਆਂ ਕਿਹਾ ਕਿ ਮਾਸਕ ਪਾਉਣ ਸਣੇ ਕੋਵਿਡ ਦੇ ਉਚਿਤ ਵਿਵਹਾਰ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ, ਜਿਵੇਂਕਿ ਜਨਤਕ ਥਾਵਾਂ ’ਤੇ ਦੂਰੀ ਬਣਾਈ ਰੱਖਣਾ, ਹੱਥ ਮਿਲਾਉਣ ਤੋਂ ਗੁਰੇਜ਼ ਕਰਨਾ, ਹੱਥ ਧੋਣਾ ਅਤੇ ਵਾਰ-ਵਾਰ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਆਦਿ।
ਸਾਕਸ਼ੀ ਸਾਹਨੀ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ, ਇਮਿਊਨਿਟੀ ਲੈਵਲ ਨੂੰ ਬਣਾਈ ਰੱਖਣ ਲਈ ਕੋਵਿਡ ਵੈਕਸੀਨ ਦੀ ਢੁਕਵੀਂ ਖੁਰਾਕ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕੋਵਿਡ ਵੈਕਸੀਨੇਸ਼ਨ ਦੀ ਦੂਜੀ ਖੁਰਾਕ ਨਹੀਂ ਲਗਵਾਈ, ਉਨ੍ਹਾਂ ਨੂੰ ਇਹ ਜਲਦੀ ਤੋਂ ਜਲਦੀ ਲੈਣੀ ਚਾਹੀਦੀ ਹੈ ਅਤੇ ਜਿਨ੍ਹਾਂ ਨੂੰ 9 ਮਹੀਨੇ ਪਹਿਲਾਂ ਵੈਕਸੀਨੇਸ਼ਨ ਦੀ ਦੂਜੀ ਖੁਰਾਕ ਮਿਲੀ ਹੈ, ਉਨ੍ਹਾਂ ਨੂੰ ਅਹਿਤਿਆਤਨ ਬੂਸਟਰ ਡੋਜ਼ ਲੈਣੀ ਚਾਹੀਦੀ ਹੈ।