ਤਲਵੰਡੀ ਸਾਬੋ : ਤਲਵੰਡੀ ਸਾਬੋ ਤੋਂ ‘ਆਪ’ ਵਿਧਾਇਕਾ ਬਲਜਿੰਦਰ ਕੌਰ ਨੇ ਆਪਣੇ ਬਿਆਨ ’ਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਪਹਿਲੇ ਮਹੀਨੇ ਹੀ ਖਰਾ ਉਤਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਦਫ਼ਤਰਾਂ ’ਚ ਭ੍ਰਿਸ਼ਟਾਚਾਰ ਬੰਦ ਕਰਨ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਜਿਸ ਨਾਲ ਸਾਰੇ ਦਫ਼ਤਰਾਂ ’ਚ ਭ੍ਰਿਸ਼ਟਾਚਾਰ ਬੰਦ ਹੋਇਆ ਹੈ। ਬਲਜਿੰਦਰ ਕੌਰ ਨੇ ਕਿਹਾ ਭਗਵੰਤ ਮਾਨ ਵਲੋਂ ਲੋਕਾਂ ਨਾਲ 300 ਯੂਨਿਟ ਬਿਜਲੀ ਮੁਆਫ਼ ਕਰਨ ਦਾ ਅੱਜ ਵਾਅਦਾ ਪੂਰਾ ਕੀਤਾ ਗਿਆ।
ਭਗਵੰਤ ਮਾਨ ਵਲੋਂ ਤਖ਼ਤ ਸਾਹਿਬ ’ਤੇ ਸ਼ਰਾਬ ਪੀ ਕੇ ਆਉਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਬਦਨਾਮ ਕਰਨ ਲਈ ਸਾਜ਼ਿਸ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਤਖ਼ਤ ਸਾਹਿਬ ਗੁਰਦੁਆਰਾ ਭੁੰਗਾ ਮਸਤੂਆਣਾ ਸਾਹਿਬ ਅਤੇ ਬੁੱਢਾ ਦਲ ਮੁਖੀ ਵਲੋਂ ਸਨਮਾਨਿਤ ਵੀ ਕੀਤੇ ਗਏ ਅਤੇ ਭਗਵੰਤ ਮਾਨ ਤਖਤ ਸਾਹਿਬ ’ਚ ਦਰਸ਼ਨ ਕਰਦੇ ਸਮੇਂ ਸੰਗਤਾਂ ਨੂੰ ਵੀ ਮਿਲੇ ਅਤੇ ਅਜਿਹੀ ਕੋਈ ਗੱਲ ਨਹੀਂ ਸੀ। ਸਿਰਫ਼ ਮਾਨ ਸਾਹਿਬ ਨੂੰ ਬਦਨਾਮ ਕਰਨ ਲਈ ਅਕਾਲੀ ਅਜਿਹੇ ਬਿਆਨ ਦੇ ਰਹੇ ਹਨ।