ਲੁਧਿਆਣਾ
ਤਾਜਪੁਰ ਰੋਡ ਸਥਿਤ ਮੁੱਖ ਕੂੜਾ ਘਰ ਨਜ਼ਦੀਕ ਬੁੱਧਵਾਰ ਦੇਰ ਰਾਤ ਇਕ ਝੁੱਗੀ ਨੂੰ ਅੱਗ ਲੱਗਣ ਕਾਰਨ ਅੰਦਰ ਸੌਂ ਰਹੇ 5 ਨਾਬਾਲਗ ਬੱਚਿਆਂ ਸਮੇਤ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਕਬਾੜ ਦਾ ਕਾਰੋਬਾਰ ਕਰਦੇ ਸੁਰੇਸ਼ ਸਾਹਨੀ, ਉਸ ਦੀ ਪਤਨੀ ਰੈਣਾ ਦੇਵੀ, 2 ਸਾਲਾ ਲੜਕਾ ਸੰਨੀ ਤੇ ਚਾਰ ਲੜਕੀਆਂ ਰਾਖੀ, ਗੀਤਾ, ਮਨੀਸ਼ਾ, ਚੰਦਾ ਸ਼ਾਮਿਲ ਹਨ। ਪਰਿਵਾਰ ‘ਚੋਂ ਸਿਰਫ ਇਕ ਲੜਕਾ ਰਜੇਸ਼ ਸਾਹਨੀ, ਜੋ ਨੇੜੇ ਰਹਿੰਦੇ ਦੌਸਤ ਦੇ ਘਰ ਸੁੱਤਾ ਹੋਇਆ ਸੀ, ਜਿੰਦਾ ਬਚਿਆ ਹੈ। ਉਸ ਨੇ ਦੱਸਿਆ ਕਿ ਝੁੱਗੀ ਨੂੰ ਅੱਗ ਲੱਗਣ ਦਾ ਪਤਾ ਉਸ ਵੇਲੇ ਚੱਲਿਆ ਜਦ ਉਸ ਦੇ ਦੋਸਤ ਅਜੀਤ ਦਾ ਭਰਾ ਰਾਤ ਨੂੰ ਬਾਥਰੂਮ ਕਰਨ ਲਈ ਉਠਿਆ, ਉਸ ਵਲੋਂ ਰੌਲਾ ਪਾਉਣ ‘ਤੇ ਆਸ-ਪਾਸ ਦੀਆਂ ਝੁੱਗੀਆਂ ਵਾਲੇ ਲੋਕ ਇਕੱਤਰ ਹੋ ਗਏ, ਜਿਨ੍ਹਾਂ ਵਲੋਂ ਫਾਇਰ ਬ੍ਰਿਗੇਡ ਵਿਭਾਗ ਤੇ ਪੁਲਿਸ ਚੌਕੀ ਨੂੰ ਸੂਚਨਾ ਦਿੱਤੀ ਗਈ। ਗੁਆਂਢ ਰਹਿੰਦੇ ਲੋਕਾਂ ਨੇ ਦੱਸਿਆ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਵਲੋਂ ਅੱਗ ‘ਤੇ ਕਾਬੂ ਪਾਇਆ ਗਿਆ ਤਦ ਤੱਕ ਸਭ ਕੁਝ ਸੁਆਹ ਹੋ ਚੁੱਕਾ ਸੀ ਤੇ 7 ਮੌਤਾਂ ਹੋ ਚੁੱਕੀਆਂ ਸਨ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਝੁੱਗੀ ਨੂੰ ਅੱਗ ਲੱਗਣ ਦੀ ਸੂਚਨਾ ਕਰੀਬ 2.30 ਵਜੇ ਮਿਲੀ ਤੇ ਇਕ ਗੱਡੀ ਮੌਕੇ ‘ਤੇ ਭੇਜੀ ਗਈ, ਪਰ ਤਦ ਤੱਕ ਝੁੱਗੀ ਅੰਦਰ ਮੌਜੂਦ ਲੋਕਾਂ ਦੀ ਮੌਤ ਹੋ ਚੁੱਕੀ ਸੀ। ਘਟਨਾ ਸਥਾਨ ‘ਤੇ ਪੁੱਜੇ ਏ.ਡੀ.ਸੀ.ਪੀ. ਰਵਚਰਨ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਕੋਈ ਸਾਜਿਸ਼ ਸਾਹਮਣੇ ਨਹੀਂ ਆਈ ਹੈ, ਪਰ ਫਿਰ ਵੀ ਹਰ ਪੱਖ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਝੁੱਗੀ ਅੰਦਰ ਟੀ.ਵੀ., ਦੋ ਪੱਖੇ ਮੌਜੂਦ ਸਨ, ਜਿਨ੍ਹਾਂ ਨੂੰ ਚਲਾਉਣ ਲਈ ਬਿਜਲੀ ਦੀ ਤਾਰ ਤੋਂ ਕੁੰਡੀ ਪਾਈ ਹੋਈ ਸੀ। ਪਰਿਵਾਰ ਨੇ ਝੁੱਗੀ ਦੇ ਅੰਦਰ ਹੀ ਖਾਣਾ ਤਿਆਰ ਕੀਤਾ ਸੀ, ਚੁੱਲ੍ਹੇ ‘ਚ ਅੱਗ ਸੁਲਗਦੀ ਹੋ ਸਕਦੀ ਹੈ ਇਸ ਤੋਂ ਇਲਾਵਾ ਝੁੱਗੀ ਨੇੜੇ ਮੁੱਖ ਕੂੜਾਘਰ, ਜਿਥੇ ਪਿਛਲੇ 6 ਦਿਨ ਤੋਂ ਅੱਗ ਲੱਗੀ ਹੋਈ ਹੈ, ਤੋਂ ਆਈ ਚੰਗਿਆੜੀ ਨਾਲ ਵੀ ਅੱਗ ਲੱਗੀ ਹੋ ਸਕਦੀ ਹੈ। ਮ੍ਰਿਤਕ ਪਰਿਵਾਰ ਦੇ ਲੜਕੇ ਰਜੇਸ਼ ਨੇ ਪੁਲਿਸ ਕੋਲ ਦਿੱਤੇ ਬਿਆਨ ‘ਚ ਘਟਨਾ ਪਿੱਛੇ ਕਿਸੇ ਵੀ ਸਾਜਿਸ਼ ਤੋਂ ਇਨਕਾਰ ਕੀਤਾ ਹੈ। ਮੌਕੇ ‘ਤੇ ਪੁੱਜੇ ਰਜੇਸ਼ ਸਾਹਨੀ ਦੇ ਰਿਸ਼ਤੇਦਾਰ ਰਾਮ ਬਾਬੂ ਨੇ ਦੋਸ਼ ਲਗਾਇਆ ਕਿ ਕਿਸੇ ਸਾਜਿਸ਼ ਤਹਿਤ ਪਰਿਵਾਰ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰਜੇਸ਼ ਸਾਹਨੀ ਦੀ ਲੜਕੀ ਦਾ ਆਉਂਦੇ ਕੁਝ ਦਿਨਾਂ ‘ਚ ਵਿਆਹ ਹੋਣਾ ਸੀ। ਇਸ ਸਬੰਧੀ ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ. ਵਿਪੁਲ ਮਲਹੋਤਰਾ ਨੇ ਦੱਸਿਆ ਕਿ ਝੁੱਗੀ ਨਿੱਜੀ ਜ਼ਮੀਨ ‘ਤੇ ਮੌਜੂਦ ਹੈ। ਘਟਨਾ ਤੋਂ ਬਾਅਦ ਪੁਲਿਸ ਕਮਿਸ਼ਨਰ ਪੁਲਿਸ ਕੋਸਤੁਭ ਸ਼ਰਮਾ ਨੇ ਇਲਾਕੇ ਦਾ ਦੌਰਾ ਕੀਤਾ ਤੇ ਸਥਿਤੀ ਦਾ ਜਾਇਜ਼ਾ ਲਿਆ, ਫਾਰੈਂਸਿਕ ਦੀ ਟੀਮ ਵੀ ਮੌਕੇ ‘ਤੇ ਪੁੱਜੀ ਤੇ ਅੱਗ ਲੱਗਣ ਦਾ ਕਾਰਨ ਜਾਨਣ ਲਈ ਨਮੂਨੇ ਲਏ ਗਏ ਹਨ। ਪੁਲਿਸ ਨੇ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ ਤੇ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ।

Leave a Reply

Your email address will not be published. Required fields are marked *