ਵਾਸ਼ਿੰਗਟਨ, 22 ਜੂਨ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਰ ਰਾਤ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨਾਲ ਵਾਈਟ ਹਾਊਸ ਵਿਖੇ ਦੋਵੇਂ ਦੇਸ਼ਾਂ ਦੇ ਦੁਵੱਲੇ ਮੁੱਦਿਆਂ ‘ਤੇ ਉੱਚ ਪੱਧਰੀ ਗੱਲਬਾਤ ਕੀਤੀ | ਓਵਲ ਦਫ਼ਤਰ ਵਿਖੇ ਲਗਪਗ 2 ਘੰਟੇ ਚਲੀ ਇਸ ਆਹਮੋ-ਸਾਹਮਣੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਰੱਖਿਆ, ਪੁਲਾੜ, ਸਵੱਛ ਊਰਜਾ ਤੇ ਅਹਿਮ ਤਕਨੀਕਾਂ ਸਣੇ ਭਾਰਤ-ਅਮਰੀਕਾ ਰਣਨੀਤਕ ਰਿਸ਼ਤਿਆਂ ਨੂੰ ਹੁਲਾਰਾ ਦੇਣ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ | ਬੈਠਕ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਸਾਂਝੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ ਅਤੇ ਡਰੋਨ, ਜੈਟ ਇੰਜਣ ਅਤੇ ਪੁਲਾੜ ਸਮੇਤ ਕਈ ਸਮਝੌਤਿਆਂ ਦਾ ਐਲਾਨ ਕੀਤਾ | ਭਾਰਤ ਨੇ ‘ਆਰਟੇਮਿਸ ਸਮਝੌਤੇ’ ‘ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ | ਇਹ ਸੰਯੁਕਤ ਵਿਚਾਰਧਾਰਾ ਵਾਲੇ ਦੇਸ਼ਾਂ ਨੂੰ ਨਾਗਰਿਕ ਪੁਲਾੜ ਖੋਜ ਦੇ ਮੁੱਦੇ ‘ਤੇ ਇਕੱਠੇ ਕਰਦਾ ਹੈ | ਨਾਸਾ ਅਤੇ ਇਸਰੋ 2024 ‘ਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਇਕ ਸਾਂਝੇ ਮਿਸ਼ਨ ‘ਤੇ ਸਹਿਮਤ ਹੋ ਗਏ ਹਨ | ਦੋਵੇਂ ਦੇਸ਼ 2024 ‘ਚ ਸਾਂਝੇ ਪੁਲਾੜ ਮਿਸ਼ਨ ਨੂੰ ਲਾਂਚ ਕਰਨਗੇ | ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਨੇ ਜਨਰਲ ਐਟੋਮਿਕਸ ਐਮ.ਕਿਊ-9 ਰੀਪਰ ਹਥਿਆਰਬੰਦ ਡਰੋਨਾਂ ਦੀ ਖਰੀਦ ‘ਤੇ ਇਕ ਮੈਗਾ ਸੌਦੇ ਦਾ ਐਲਾਨ ਕੀਤਾ | ਐਮ.ਕਿਊ-9 ਰੀਪਰ ਡਰੋਨ ਭਾਰਤ ਦੀ ਰਾਸ਼ਟਰੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ | ਇਸ ਦੀ ਤਾਇਨਾਤੀ ਹਿੰਦ ਮਹਾਂਸਾਗਰ, ਚੀਨੀ ਸਰਹੱਦ ਦੇ ਨਾਲ-ਨਾਲ ਹੋਰ ਅੰਤਰਰਾਸ਼ਟਰੀ ਸਰਹੱਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ | ਕਰੀਬ 29 ਹਜ਼ਾਰ ਕਰੋੜ ਰੁਪਏ ਦੇ ਇਸ ਸੌਦੇ ਤੋਂ ਭਾਰਤ ਨੂੰ 30 ਲੜਾਕੂ ਡਰੋਨ ਮਿਲਣਗੇ | ਦੋਵਾਂ ਨੇਤਾਵਾਂ ਨੇ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਸਾਂਝਾ ਬਿਆਨ ਜਾਰੀ ਕੀਤਾ ਅਤੇ ਪੱਤਰਕਾਰਾਂ ਵਲੋਂ ਪੱੁਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ | ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ‘ਤੇ ਕੀਤੇ ਗਏ ਸਵਾਲ ਦੇ ਜਵਾਬ ‘ਚ ਕਿਹਾ ਕਿ ਲੋਕਤੰਤਰ ਭਾਰਤ ਦੇ ‘ਡੀ.ਐਨ.ਏ.’ ‘ਚ ਹੈ | ਭਾਰਤ ‘ਚ ਕਿਸੇ ਵੀ ਆਧਾਰ ‘ਤੇ ਭੇਦਭਾਵ ਨਹੀਂ ਕੀਤਾ ਜਾਂਦਾ ਹੈ | ਇਸ ਦੌਰਾਨ ਇਕ ਵਿਦੇਸ਼ੀ ਪੱਤਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਦੀਆਂ ਘੱਟ ਗਿਣਤੀਆਂ ਬਾਰੇ ਸਵਾਲ ਪੁੱਛਿਆ | ਜਿਸ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਲੋਕ ਇਹ ਕਹਿੰਦੇ ਹਨ ਤਾਂ ਮੈਂ ਸੱਚਮੁੱਚ ਹੈਰਾਨ ਹੁੰਦਾ ਹਾਂ | ਭਾਰਤ ਇਕ ਅਸਲੀ ਲੋਕਤੰਤਰ ਹੈ | ਲੋਕਤੰਤਰ ਸਾਡੀਆਂ ਰਗਾਂ ਵਿਚ ਹੈ | ਅਸੀਂ ਲੋਕਤੰਤਰ ਵਿਚ ਰਹਿੰਦੇ ਹਾਂ | ਭਾਰਤ ਸੰਵਿਧਾਨ ‘ਤੇ ਚੱਲਦਾ ਹੈ ਅਤੇ ਸਰਕਾਰ ਉਸੇ ‘ਤੇ ਚੱਲਦੀ ਹੈ | ਵਿਤਕਰੇ ਲਈ ਕੋਈ ਥਾਂ ਨਹੀਂ ਹੈ | ਉੱਧਰ ਪ੍ਰਧਾਨ ਮੰਤਰੀ ਨੇ ਵਾਤਾਵਰਨ ‘ਚ ਬਦਲਾਅ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕਿਹਾ ਕਿ ਅਸੀਂ ਵਾਤਾਵਰਨ ਦਾ ਸ਼ੋਸ਼ਣ ਨਹੀਂ ਕੀਤਾ, ਇਸ ਦੇ ਬਾਵਜੂਦ ਅਸੀਂ ਇਸ ਨਾਲ ਨਿਪਟਣ ਲਈ ਅਹਿਮ ਭੂਮਿਕਾ ਨਿਭਾ ਰਹੇ ਹਾਂ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਭਾਰਤ ਨਾਸਾ ਦੇ ਆਰਟੇਮਿਸ ਸਮਝੌਤੇ ਦਾ ਹਿੱਸਾ ਬਣੇਗਾ | ਇਸ ਦੇ ਤਹਿਤ 2024 ‘ਚ ਭਾਰਤੀ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਭੇਜਿਆ ਜਾਵੇਗਾ | ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਕੁੱਲ ਆਲਮ ਨੂੰ ਦਰਪੇਸ਼ ਚੁਣੌਤੀਆਂ ਦਾ ਭਾਰਤ ਤੇ ਅਮਰੀਕਾ ਨੂੰ ਮਿਲ ਕੇ ਟਾਕਰਾ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਦੀ ਤਰੱਕੀ ਵਿਚ ਭਾਰਤੀਆਂ ਦਾ ਵੱਡਾ ਯੋਗਦਾਨ ਹੈ |