ਨਵੀਂ ਦਿੱਲੀ : ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਅੱਜ ਵਿਰੋਧੀ ਏਕਤਾ ਦੀ ਆਮ ਬੈਠਕ ਹੋਣ ਜਾ ਰਹੀ ਹੈ। ਮੀਟਿੰਗ ਵਿੱਚ ਜੇਡੀਯੂ, ਆਰਜੇਡੀ, ਕਾਂਗਰਸ, ਟੀਐਮਸੀ, ਐਨਸੀਪੀ ਅਤੇ ਆਮ ਆਦਮੀ ਪਾਰਟੀ (ਆਪ) ਤੋਂ ਇਲਾਵਾ ਕਈ ਪਾਰਟੀਆਂ ਦੇ ਆਗੂ ਸ਼ਾਮਲ ਹੋਣਗੇ। ਹਾਲਾਂਕਿ ਇਸ ਮੀਟਿੰਗ ਤੋਂ ਪਹਿਲਾਂ ਹੀ ਕਾਂਗਰਸ ਅਤੇ ‘ਆਪ’ ਦੇ ਵੱਖ ਹੋ ਗਏ ਹਨ।
ਆਰਡੀਨੈਂਸ ‘ਤੇ ਕਾਂਗਰਸ ਤੇ ‘ਆਪ’ ‘ਚ ਤਕਰਾਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰਾਰਾ ਜਵਾਬ ਦਿੱਤਾ ਹੈ। ਦਰਅਸਲ, ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਸੀ ਕਿ ਜੇਕਰ ਕਾਂਗਰਸ ਨੇ ਰਾਜਧਾਨੀ ‘ਚ ਪ੍ਰਸ਼ਾਸਨਿਕ ਸੇਵਾਵਾਂ ‘ਤੇ ਕੰਟਰੋਲ ‘ਤੇ ਕੇਂਦਰ ਸਰਕਾਰ ਦੇ ਆਰਡੀਨੈਂਸ ਦੇ ਖ਼ਿਲਾਫ਼ ‘ਆਪ’ ਦਾ ਸਮਰਥਨ ਕਰਨ ਦਾ ਵਾਅਦਾ ਨਹੀਂ ਕੀਤਾ ਤਾਂ ਉਨ੍ਹਾਂ ਦੀ ਪਾਰਟੀ ਪਟਨਾ ‘ਚ ਮੀਟਿੰਗ ਤੋਂ ਵਾਕਆਊਟ ਕਰੇਗੀ।
ਖੜਗੇ ਦੀ ਕੇਜਰੀਵਾਲ ਨੂੰ ਦੋ-ਟੂਕ
ਅਰਵਿੰਦ ਕੇਜਰੀਵਾਲ ਦੀ ‘ਧਮਕੀ’ ਤੋਂ ਬਾਅਦ ਕਾਂਗਰਸ ਨੇ ਵੀ ਸਖ਼ਤ ਰਵੱਈਆ ਦਿਖਾਇਆ ਹੈ। ਖੜਗੇ ਨੇ ਸਾਫ਼ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪਤਾ ਹੋਵੇਗਾ ਕਿ ਆਰਡੀਨੈਂਸ ਦਾ ਸਮਰਥਨ ਜਾਂ ਵਿਰੋਧ ਬਾਹਰੋਂ ਨਹੀਂ ਸਗੋਂ ਸੰਸਦ ਵਿੱਚ ਹੈ। ਜਦੋਂ ਸੰਸਦ ਸ਼ੁਰੂ ਹੋਵੇਗੀ ਤਾਂ ਸਾਰੀਆਂ ਪਾਰਟੀਆਂ ਮਿਲ ਕੇ ਏਜੰਡਾ ਤੈਅ ਕਰਨਗੀਆਂ। ਖੜਗੇ ਨੇ ਅੱਗੇ ਕਿਹਾ, ਪਤਾ ਨਹੀਂ ਬਾਹਰ ਆਰਡੀਨੈਂਸ ਬਾਰੇ ਇੰਨਾ ਪ੍ਰਚਾਰ ਕਿਉਂ ਹੋ ਰਿਹਾ ਹੈ। ਸਾਰੀਆਂ ਵਿਰੋਧੀ ਪਾਰਟੀਆਂ ਮਿਲ ਕੇ ਤੈਅ ਕਰਨਗੀਆਂ ਕਿ ਸੰਸਦ ਕਦੋਂ ਚੱਲੇਗੀ। ਉਹ ਖੁਦ ਵੀ ਜਾਣਦੇ ਹਨ ਕਿ ਆਰਡੀਨੈਂਸ ਤੋਂ ਬਾਹਰ ਕੁਝ ਨਹੀਂ ਹੁੰਦਾ। ਇਹ ਸਭ ਕੁਝ ਸੰਸਦ ਵਿੱਚ ਹੁੰਦਾ ਹੈ।
ਵਿਰੋਧੀ ਪਾਰਟੀਆਂ ਦੀ ਮੀਟਿੰਗ ਅੱਜ
ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਘਰ ਅੱਜ ਵਿਰੋਧੀ ਪਾਰਟੀਆਂ ਦੀ ਬੈਠਕ ਹੋਣੀ ਹੈ। ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ, ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ, ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਪਟਨਾ ਪੁੱਜੇ ਹਨ। ਇਸ ਬੈਠਕ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਮੌਜੂਦ ਰਹਿਣਗੇ।