ਪਟਨਾ : ਪਟਨਾ ਵਿੱਚ ਆਪਣੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਵਿਰੋਧੀ ਧਿਰ ਦੇ ਆਗੂਆਂ ਨੇ ਮੀਡੀਆ ਨੂੰ ਸੰਬੋਧਨ ਕੀਤਾ। ਪਟਨਾ ‘ਚ ਵਿਰੋਧੀ ਧਿਰ ਦੀ ਬੈਠਕ ‘ਤੇ ਜੇਡੀਯੂ ਨੇਤਾ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਇਹ ਚੰਗੀ ਬੈਠਕ ਸੀ, ਜਿਸ ‘ਚ ਇਕੱਠੇ ਚੋਣਾਂ ਲੜਨ ਦਾ ਫੈਸਲਾ ਕੀਤਾ ਗਿਆ ਹੈ, ਜਲਦ ਹੀ ਇਕ ਹੋਰ ਬੈਠਕ ਹੋਵੇਗੀ।
ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਰੋਧੀ ਧਿਰ ਦੀ ਸਾਂਝੀ ਬੈਠਕ ਦੌਰਾਨ ਕਿਹਾ, “ਅਸੀਂ ਇਕਜੁੱਟ ਹਾਂ, ਅਸੀਂ ਇਕਜੁੱਟ ਹੋ ਕੇ ਲੜਾਂਗੇ। ਇਤਿਹਾਸ ਇੱਥੋਂ ਸ਼ੁਰੂ ਹੋਇਆ ਸੀ, ਭਾਜਪਾ ਇਤਿਹਾਸ ਨੂੰ ਬਦਲਣਾ ਚਾਹੁੰਦੀ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਇਤਿਹਾਸ ਨੂੰ ਬਿਹਾਰ ਤੋਂ ਬਚਾਇਆ ਜਾਵੇ।” ਸਾਡਾ ਮਕਸਦ ਇਸ ਫਾਸ਼ੀਵਾਦੀ ਸਰਕਾਰ ਦੇ ਖਿਲਾਫ ਬੋਲਣਾ ਹੈ।
ਪਟਨਾ ‘ਚ ਵਿਰੋਧੀ ਧਿਰ ਦੀ ਬੈਠਕ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਜੁਲਾਈ ‘ਚ ਸ਼ਿਮਲਾ ‘ਚ ਦੁਬਾਰਾ ਮੁਲਾਕਾਤ ਕਰਾਂਗੇ ਅਤੇ 2024 ‘ਚ ਭਾਜਪਾ ਨਾਲ ਲੜਨ ਲਈ ਆਪਣੇ-ਆਪਣੇ ਸੂਬਿਆਂ ‘ਚ ਕੰਮ ਕਰਦੇ ਹੋਏ ਇਕੱਠੇ ਅੱਗੇ ਵਧਣ ਦਾ ਏਜੰਡਾ ਤਿਆਰ ਕਰਾਂਗੇ।
ਆਰਡੀਨੈਂਸ ਦਾ ਰਾਜ ਸਭਾ ‘ਚ ਹੋਵੇਗਾ ਵਿਰੋਧ
ਪਟਨਾ ‘ਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬਿਆਨ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਛੱਡ ਕੇ, ਰਾਜ ਸਭਾ ਵਿਚ ਪ੍ਰਤੀਨਿਧਤਾ ਰੱਖਣ ਵਾਲੀਆਂ ਬਾਕੀ ਸਾਰੀਆਂ 11 ਪਾਰਟੀਆਂ ਨੇ ‘ਕਾਲੇ ਆਰਡੀਨੈਂਸ’ (ਦਿੱਲੀ ਸਰਕਾਰ ‘ਤੇ ਕੇਂਦਰ ਦਾ ਆਰਡੀਨੈਂਸ) ਦੇ ਖ਼ਿਲਾਫ਼ ਸਪੱਸ਼ਟ ਤੌਰ ‘ਤੇ ਆਪਣਾ ਸਟੈਂਡ ਜ਼ਾਹਰ ਕੀਤਾ ਹੈ ਅਤੇ ਐਲਾਨ ਕੀਤਾ ਹੈ ਕਿ ਉਹ ਰਾਜ ਸਭਾ ਵਿੱਚ ਇਸ ਦਾ ਵਿਰੋਧ ਕਰਨਗੇ। ਕਾਂਗਰਸ, ਇਕ ਰਾਸ਼ਟਰੀ ਪਾਰਟੀ ਜੋ ਲਗਭਗ ਸਾਰੇ ਮੁੱਦਿਆਂ ‘ਤੇ ਸਟੈਂਡ ਲੈਂਦੀ ਹੈ, ਨੇ ਕਾਲੇ ਆਰਡੀਨੈਂਸ ‘ਤੇ ਅਜੇ ਤੱਕ ਆਪਣਾ ਸਟੈਂਡ ਜਨਤਕ ਕਰਨਾ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕਾਂਗਰਸ ਦੀ ਚੁੱਪੀ ਉਸ ਦੇ ਅਸਲ ਇਰਾਦਿਆਂ ‘ਤੇ ਸ਼ੱਕ ਪੈਦਾ ਕਰਦੀ ਹੈ।