ਰਾਮਪੁਰਾ ਫੂਲ, (ਜਸਵੀਰ ਔਲਖ):- ਇਹ ਤਸਵੀਰ ਸ਼ੁੱਕਰਵਾਰ ਸਵੇਰ ਰਾਮਪੁਰਾ ਫੂਲ ਦੇ ਗਿੱਲ ਫਾਟਕ ਦੀ ਹੈ। ਜਿੱਥੇ ਸ਼ਹਿਰ ਦੇ ਅੰਦਰਲੇ ਫਾਟਕਾਂ ਤੇ ਬਣ ਰਹੇ ਫਲਾਈ ਓਵਰ ਦੇ ਪਿੱਲਰਾਂ ਦੀ ਉਸਾਰੀ ਲਈ ਵੀਰਵਾਰ ਅੱਧੀ ਰਾਤ ਤੋਂ ਬਾਦ ਸ਼ਹਿਰ ਦੇ ਅੰਦਰਲੇ ਫਾਟਕ ਅਸਥਾਈ ਤੌਰ ਤੇ ਬੰਦ ਹੋਣ ਕਾਰਨ ਸ਼ਹਿਰ ਦੀ ਇਕ ਮੰਡੀ ਦੇ ਵਾਹਨ ਚਾਲਕਾਂ ਨੂੰ ਦੂਜੀ ਮੰਡੀ ਜਾਣ ਲਈ ਗਿੱਲ ਫਾਟਕ ਜਾਂ ਨੈਸ਼ਨਲ ਹਾਈਵੇ ਉੱਪਰ ਬਣੇ ਫਲਾਈ ਓਵਰ ਦਾ ਸਹਾਰਾ ਲੈਣਾ ਪੈ ਰਿਹਾ ਹੈ। ਪ੍ਰੰਤੂ ਸਥਾਨਕ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਦੋਵੇਂ ਹੀ ਰਾਸਤੇ ਵਾਹਨ ਚਾਲਕਾਂ ਲਈ ਪਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਜਿੱਥੇ ਇੱਕ ਪਾਸੇ ਨੈਸ਼ਨਲ ਹਾਈਵੇ ਉੱਪਰ ਬਣੇ ਫਲਾਈ ਓਵਰ ਦੇ ਕਿਨਾਰੇ ਬਣੀ ਸਰਵਿਸ ਲੇਨ ਉੱਪਰ ਅਕਸਰ ਸੀਵਰੇਜ ਦਾ ਪਾਣੀ ਖੜਾ ਰਹਿੰਦਾ ਹੈ ਉੱਥੇ ਹੀ ਦੂਜੇ ਪਾਸੇ ਗਿੱਲ ਫਾਟਕ ਨੂੰ ਜਾਣ ਵਾਲੀ ਸੜਕ ਤੰਗ ਹੋਣ ਕਾਰਨ ਟਰੈਫਿਕ ਜਾਮ ਵਾਲੀ ਸਥਿਤੀ ਬਣ ਜਾਂਦੀ ਹੈ ਅਤੇ ਗਾਂਧੀ ਨਗਰ ਤੋਂ ਗਿੱਲ ਫਾਟਕ ਤੱਕ ਸੜਕ ਉੱਪਰ ਪਏ ਟੋਇਆਂ ਵਿੱਚ ਖੜਾ ਪਾਣੀ ਵਾਹਨ ਚਾਲਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਭਾਵੇਂ ਕਿ ਫਾਟਕ ਬੰਦ ਕਰਨ ਤੋਂ ਬਾਅਦ ਰੇਲਵੇ ਵਿਭਾਗ ਵੱਲੋਂ ਇਸ ਦੀ ਅਗਾਊਂ ਸੂਚਨਾ ਸਥਾਨਕ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੂੰ ਦੇ ਦਿੱਤੀ ਗਈ ਸੀ ਪ੍ਰੰਤੂ ਪ੍ਰਸ਼ਾਸਨ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਫਾਟਕ ਬੰਦ ਹੋਣ ਤੋਂ ਬਾਅਦ ਬਦਲਵੇਂ ਰਾਸਤਿਆਂ ਦੀ ਦਸ਼ਾ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਦਾ ਖਮਿਆਜ਼ਾ ਸ਼ਹਿਰ ਦੀ ਇੱਕ ਮੰਡੀ ਤੋਂ ਦੂਜੀ ਮੰਡੀ ਜਾਣ ਵਾਲੇ ਵਾਹਨ ਚਾਲਕਾਂ ਖਾਸਕਰ ਸਕੂਲ ਵੈਨ ਅਤੇ ਹੋਰ ਸਾਧਨਾਂ ਰਾਹੀਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਭੁਗਤਨਾ ਪੈ ਰਿਹਾ ਹੈ।ਭਾਵੇਂ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਕਰੋੜਾ ਰੁਪਏ ਖ਼ਰਚਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਹਕੀਕਤ ਦੇ ਵਿੱਚ ਤਸਵੀਰ ਕੁਝ ਹੋਰ ਹੀ ਬਿਆਨ ਕਰਦੀ ਹੈ।