Bathinda News: ਬਠਿੰਡਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਪੂਰੀ ਵਾਰਦਾਤ ਬਠਿੰਡਾ ਦੇ ਪਿੰਡ ਬਾਹਮਣ ਦੀਵਾਨਾ ਨੇੜੇ ਸ਼ੁੱਕਰਵਾਰ ਦੇਰ ਰਾਤ ਵਾਪਰੀ ਹੈ। ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਨੇ PRTC ਦੀ ਬੱਸ ਨੂੰ ਰੋਕ ਕੇ ਉਸ ਦੀ ਭੰਨਤੋੜ ਕੀਤੀ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਬੱਸ ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਸ ਤੋਂ ਬਾਅਦ ਬੱਸ ਚਾਲਕ ਨੇ ਬੱਸ ਨੂੰ ਰੋਕ ਕੇ ਮਾਮਲੇ ਦੀ ਸੂਚਨਾ ਪੁਲਿਸ ਅਤੇ ਪੀਆਰਟੀਸੀ ਯੂਨੀਅਨ ਨੂੰ ਦਿੱਤੀ।
ਬੱਸ ਨਾ ਰੋਕਣ ਨੂੰ ਲੈ ਕੇ ਪਿਆ ਪੂਰਾ ਕਲੇਸ਼
ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਪਿੰਡ ਬਾਹਮਣ ਦੀਵਾਨਾ ਦੇ ਨੌਜਵਾਨ ਸਨ ਜੋ ਬੱਸ ਨਾ ਰੋਕਣ ਕਾਰਨ ਗੁੱਸੇ ਵਿੱਚ ਆ ਗਏ ਸੀ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਤੇ ਹਮਲਾ ਕਰਨ ਤੋਂ ਬਾਅਦ ਅਣਪਛਾਤੇ ਲੋਕਾਂ ਨੇ ਕੰਡਕਟਰ ਤੋਂ ਉਸ ਦਾ ਬੈਗ ਖੋਹ ਲਿਆ ਜਿਸ ਵਿਚ ਪੈਸੇ ਅਤੇ ਟਿਕਟਾਂ ਸਨ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਪੀ.ਆਰ.ਟੀ.ਸੀ ਬੱਸ ਚਾਲਕਾਂ ਨੇ ਵੀ ਮੌਕੇ ‘ਤੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਬਠਿੰਡਾ ਤੋਂ ਮਲੋਟ ਜਾ ਰਹੀ ਬੱਸ ਜਦੋਂ ਪਿੰਡ ਬਾਹਮਣ ਦੀਵਾਨਾ ਨੇੜੇ ਪੁੱਜੀ ਤਾਂ ਪੀਆਰਟੀਸੀ ਨੇ ਬੱਸ ਨੂੰ ਰੋਕਿਆ ਨਹੀਂ, ਜਿਸ ਕਾਰਨ ਪਿੰਡ ਦੇ ਬੱਸ ਅੱਡੇ ਕੋਲ ਖੜ੍ਹੇ ਨੌਜਵਾਨਾਂ ਨੇ ਬੱਸ ਨੂੰ ਰੋਕਣ ਦਾ ਇਸ਼ਾਰਾ ਕੀਤਾ।
ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਵੀ ਕੁੱਟਮਾਰ
ਪਰ ਬੱਸ ਡਰਾਈਵਰ ਨਾ ਰੁਕਿਆ ਤਾਂ ਇਸ ਤੋਂ ਗੁੱਸੇ ‘ਚ ਆਏ ਪਿੰਡ ਦੇ ਨੌਜਵਾਨਾਂ ਨੇ PRTC ਬੱਸ ਨੂੰ ਘੇਰ ਲਿਆ ਅਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੱਸ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਅਤੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਵੀ ਕੁੱਟਮਾਰ ਕੀਤੀ। ਇਸ ਦੇ ਨਾਲ ਹੀ ਕੰਡਕਟਰ ਦਾ ਬੈਗ ਵੀ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਬੱਸ ਵਿੱਚ ਸਵਾਰ ਸਵਾਰੀਆਂ ਨੂੰ ਹੇਠਾਂ ਉਤਾਰ ਦਿੱਤਾ ਗਿਆ ਸੀ।