ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਸੋਮਵਾਰ ਨੂੰ ਲੋਕ ਸਭਾ ਨੂੰ ਸੂਚਿਤ ਕੀਤਾ ਕਿ ਗੂਗਲ ਨੇ ਅਪ੍ਰੈਲ 2021 ਤੋਂ ਜੁਲਾਈ 2022 ਦਰਮਿਆਨ ਆਪਣੇ ਪਲੇਅ ਸਟੋਰ ਤੋਂ 2,500 ਤੋਂ ਵੱਧ ਧੋਖਾਧੜੀ ਵਾਲੀਆਂ ਲੋਨ ਐਪਸ ਨੂੰ ਹਟਾ ਦਿੱਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ‘ਚ ਇਕ ਪ੍ਰਸ਼ਨ ਦੇ ਲਿਖਤੀ ਉੱਤਰ ‘ਚ ਕਿਹਾ ਕਿ ਸਰਕਾਰ ਧੋਖਾਧੜੀ ਵਾਲੇ ਲੋਨ ਐਪਸ ਨੂੰ ਕੰਟਰੋਲ ਕਰਨ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਅਤੇ ਹੋਰ ਰੈਗੂਲੇਟਰਾਂ ਅਤੇ ਸੰਬੰਧਤ ਹਿੱਤਧਾਰਕਾਂ ਨਾਲ ਲਗਾਤਾਰ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪ੍ਰਧਾਨਗੀ ‘ਚ ਇਕ ਅੰਤਰ-ਰੈਗੂਲੇਟਰੀ ਮੰਚ, ਵਿੱਤੀ ਸਥਿਰਤਾ ਅਤੇ ਵਿਕਾਸ ਕੌਂਸਲ (ਐੱਫ.ਐੱਸ.ਡੀ.ਸੀ) ਦੀਆਂ ਬੈਠਕਾਂ ‘ਚ ਵੀ ਗੂਗਲ ਨੇ ਪਲੇਅ ਸਟੋਰ ‘ਤੇ ਲੋਨ ਦੇਣ ਵਾਲੇ ਐਪ ਨੂੰ ਸ਼ਾਮਲ ਕਰਨ ਦੇ ਸੰਬੰਧ ‘ਚ ਆਪਣੀ ਨੀਤੀ ਨੂੰ ਅਪਡੇਟ ਕੀਤਾ ਹੈ ਅਤੇ ਸੋਧ ਨੀਤੀ ਅਨੁਸਾਰ, ਪਲੇਅ ਸਟੋਰ ‘ਤੇ ਸਿਰਫ਼ ਉਨ੍ਹਾਂ ਐਪ ਨੂੰ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਜੋ ਜਾਂ ਤਾਂ ਨਿਯੰਤ੍ਰਿਤ ਸੰਸਥਾਵਾਂ (ਆਰ.ਈ.) ਵਲੋਂ ਜਾਰੀ ਕੀਤੀਆਂ ਗਈਆਂ ਹਨ ਜਾਂ ਆਰ.ਈ. ਨਾਲ ਸਾਂਝੇਦਾਰੀ ‘ਚ ਕੰਮ ਕਰਨ ਰਹੀਆਂ ਹਨ। ਉਨ੍ਹਾਂ ਕਿਹਾ,”ਅਪ੍ਰੈਲ 2021 ਅਤੇ ਜੁਲਾਈ 2022 ਦਰਮਿਆਨ ਗੂਗਲ ਨੇ ਲਗਭਗ 3,500 ਤੋਂ 4 ਹਜ਼ਾਰ ਲੋਨ ਦੇਣ ਵਾਲੇ ਐਪ ਦੀ ਵੀ ਸਮੀਖਿਆ ਕੀਤੀ ਅਤੇ 2,500 ਤੋਂ ਵੱਧ ਧੋਖਾਧੜੀ ਵਾਲੀਆਂ ਲੋਨ ਐਪਸ ਨੂੰ ਆਪਣੇ ਪਲੇਅ ਸਟੋਰ ਤੋਂ ਹਟਾ ਦਿੱਤਾ।”