ਲੁਧਿਆਣਾ : ਮਨੁੱਖੀ ਤੇ ਪਸ਼ੂ-ਪੰਛੀਆਂ ਲਈ ਜਾਨਲੇਵਾ ਸਾਬਤ ਹੋ ਰਹੀ ਪਲਾਸਟਿਕ ਡੋਰ ਹੁਣ ਨਾਜਾਇਜ਼ ਸ਼ਰਾਬ ਵਾਂਗ ਚੋਰੀ-ਛਿਪੇ ਵਿਕਣ ਲੱਗੀ ਹੈ। ਪੁਲਿਸ ਦੀ ਸਖ਼ਤੀ ਤੇ ਅਪਰਾਧਕ ਮਾਮਲਾ ਦਰਜ ਹੋਣ ਤੋਂ ਬਚਣ ਲਈ ਡੋਰ ਵੇਚਣ ਵਾਲਿਆਂ ਨੇ ਤਰੀਕੇ ਵੀ ਬਦਲ ਲਏ ਹਨ। ਹਾਲਾਤ ਇਹ ਹਨ ਕਿ ਹੁਣ ਡੀਲਰ ਫੋਨ ’ਤੇ ਗੱਲ ਵੀ ਨਹੀਂ ਕਰਦੇ ਹਨ। ਹੁਣ ਮਿਲ ਕੇ ਗੱਲ ਕਰਨ ਤੋਂ ਬਾਅਦ ਪੈਸੇ ਲੈ ਕੇ ਬੱਚਿਆਂ ਲਈ ਘਰ ਤਕ ਡੋਰ ਦੀ ਡਲਿਵਰੀ ਹੋ ਰਹੀ ਹੈ।

ਪਿਛਲੇ ਸਾਲ ਸ਼ਹਿਰ ’ਚ ਬਣੇ ਗੁਦਾਮ ਵੀ ਬਾਹਰ ਪੇਂਡੂ ਖੇਤਰਾਂ ’ਚ ਲਿਜਾਏ ਜਾ ਚੁੱਕੇ ਹਨ। ਹੁਣ ਨਾਬਾਲਿਗਾਂ ਨੂੰ ਪ੍ਰਤੀ ਗੱਟੂ ਦੇ ਹਿਸਾਬ ਨਾਲ ਕਮਿਸ਼ਨ ਦੇ ਕੇ ਉਨ੍ਹਾਂ ਨੂੰ ਪੇਟੀ ਦਿੱਤੀ ਜਾ ਰਹੀ ਹੈ ਤੇ ਉਹ ਘਰ-ਘਰ ਜਾ ਕੇ ਸਪਲਾਈ ਕਰ ਰਹੇ ਹਨ। ਇਸ ਤਰ੍ਹਾਂ ਪਹਿਲਾਂ ਨਾਜਾਇਜ਼ ਸ਼ਰਾਬ ਦੀ ਤਸਕਰੀ ਹੁੰਦੀ ਸੀ। ਪਲਾਸਟਿਕ ਡੋਰ ਵੇਚਣ ਲਈ ਸਕੂਲ ਦੇ ਬੱਚਿਆਂ ਨੂੰ ਚੁਣਿਆ ਜਾ ਰਿਹਾ ਹੈ, ਜੋ ਸਕੂਲ ’ਚ ਹੀ ਬੱਚਿਆਂ ਨਾਲ ਇਸ ਸਬੰਧੀ ਗੱਲਬਾਤ ਕਰਦੇ ਹਨ ਤੇ ਉਨ੍ਹਾਂ ਨੂੰ ਡੋਰ ਮੁਹੱਈਆ ਕਰਵਾਉਂਦੇ ਹਨ।

ਇਕ ਨਿੱਜੀ ਸਕੂਲ ਦੇ ਬੱਚੇ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਇਕ ਵਿਦਿਆਰਥੀ ਸਾਰਿਆਂ ਨੂੰ ਗੱਟੂ ਲਿਆ ਕੇ ਸਪਲਾਈ ਕਰ ਰਿਹਾ ਹੈ। ਉਹ ਰੋਜ਼ਾਨਾ ਸਕੂਲ ਦੇ ਬਾਹਰ ਡੋਰ ਦੇ ਗੱਟੂ ਰੱਖ ਦਿੰਦਾ ਹੈ ਤੇ ਫਿਰ ਸਕੂਲ ’ਚ ਛੁੱਟੀ ਤੋਂ ਬਾਅਦ ਡੋਰ ਦੇ ਦਿੰਦਾ ਹੈ। ਜਦਕਿ ਦੁਕਾਨਦਾਰਾਂ ਵੱਲੋਂ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ ਡੋਰ ਦੇ ਸਟਿੱਕਰ ਲਾ ਕੇ ਪਾਬੰਦੀਸ਼ੁਦਾ ਡੋਰ ਵੇਚੀ ਜਾ ਰਹੀ ਹੈ। ਹੌਜ਼ਰੀ ਦੀਆਂ ਬੋਰੀਆਂ ’ਚ ਗੱਟੂ ਇਕ ਤੋਂ ਦੂਜੀ ਥਾਂ ’ਤੇ ਲਿਜਾਏ ਜਾ ਰਹੇ ਹਨ।

700 ਰੁਪਏ ’ਚ ਵਿਕ ਰਿਹੈ ਗੱਟੂ

ਫੋਨ ’ਤੇ ਹੋਈ ਗੱਲਬਾਤ ਦੌਰਾਨ ਇਕ ਦੁਕਾਨਦਾਰ ਨੇ ਦੱਸਿਆ ਕਿ ਇਸ ਸਮੇਂ ਪੁਲਿਸ ਦੇ ਡਰ ਕਾਰਨ ਬਾਜ਼ਾਰ ’ਚ ਪਲਾਸਟਿਕ ਡੋਰ ਬੇਹੱਦ ਘੱਟ ਆਈ ਹੈ। ਉਸ ਨੇ ਫੋਨ ’ਤੇ ਇਸ ਸਬੰਧੀ ਗੱਲਬਾਤ ਕਰਨ ਤੋਂ ਮਨ੍ਹਾਂ ਕੀਤਾ। ਜਦ ਉਸ ਨੂੰ ਮਿਲਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਰਾਤ ਨੂੰ ਡੋਰ ਘਰ ਪਹੁੰਚਾ ਦੇਵੇਗਾ। ਉਸ ਨੇ ਇਹ ਵੀ ਕਿਹਾ ਕਿ ਪੇਟੀ ਨਹੀਂ ਮਿਲੇਗੀ, ਇਕ ਜਾਂ ਦੋ ਗੱਟੂ ਹੀ ਮਿਲਣਗੇ।

ਨਾਮਜ਼ਦ ਦੁਕਾਨਦਾਰਾਂ ’ਤੇ ਪੁਲਿਸ ਦੀ ਨਜ਼ਰ

ਸ਼ਹਿਰ ’ਚ ਦਰਜਨਾਂ ਅਜਿਹੇ ਦੁਕਾਨਦਾਰ ਹਨ, ਜਿਨ੍ਹਾਂ ਖ਼ਿਲਾਫ਼ ਮਾਮਲੇ ਦਰਜ ਹਨ। ਇਨ੍ਹਾਂ ਸਾਰਿਆਂ ਦੀਆਂ ਲਿਸਟਾਂ ਸਬੰਧਤ ਥਾਣਾ ਇੰਚਾਰਜਾਂ ਨੂੰ ਦਿੱਤੀਆਂ ਗਈਆਂ ਹਨ। ਪੁਲਿਸ ਵੱਲੋਂ ਇਨ੍ਹਾਂ ਸਾਰਿਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪਿਛਲੇ ਸਾਲ ਪੁਰਾਣੇ ਬਾਜ਼ਾਰ ਦੇ ਵਾਸੀ ਇਕ ਪਤੰਗਬਾਜ਼ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਤੇ ਦੋ ਮਹੀਨਿਆਂ ਬਾਅਦ ਉਹ ਜ਼ਮਾਨਤ ’ਤੇ ਬਾਹਰ ਆ ਗਿਆ ਸੀ।

ਪੁਲਿਸ ਨੇ ਹੁਣ ਤਕ ਦਰਜ ਕੀਤੇ ਛੇ ਅਪਰਾਧਕ ਮਾਮਲੇ

ਪੁਲਿਸ ਵੱਲੋਂ ਹੁਣ ਤਕ ਛੇ ਅਪਰਾਧਕ ਮਾਮਲੇ ਦਰਜ ਕੀਤੇ ਗਏ ਹਨ ਤੇ 300 ਗੱਟੂ ਬਰਾਮਦ ਕੀਤੇ ਗਏ ਹਨ। ਇੱਕਾ-ਦੁੱਕਾ ਦੁਕਾਨਦਾਰਾਂ ਨੂੰ ਛੱਡ ਕੇ ਬਾਕਿਆਂ ਦੀ ਜ਼ਮਾਨਤ ਨਹੀਂ ਹੋਈ ਹੈ ਤੇ ਉਹ ਜੇਲ੍ਹ ’ਚ ਬੰਦ ਹਨ। ਇਹੀ ਕਾਰਨ ਹੈ ਇਸ ਵਾਰ ਬੇਹੱਦ ਗੁਪਤ ਢੰਗ ਨਾਲ ਡੋਰ ਦੀ ਡਲਿਵਰੀ ਕੀਤੀ ਜਾ ਰਹੀ ਹੈ।

ਪਾਬੰਦੀਸ਼ੁਦਾ ਡੋਰ ਵੇਚਣ ਵਾਲੇ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੱਥਕੰਡਾ ਅਪਣਾ ਲੈਣ, ਉਨ੍ਹਾਂ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ। ਪਿੱਛੇ ਜਿਹੇ ਛੇ ਤੋਂ ਵੱਧ ਮਾਮਲੇ ਦਰਜ ਕੀਤੇ ਹਨ। ਪੁਲਿਸ ਦੇ ਵਿਸ਼ੇਸ਼ ਦਸਤੇ ਇਨ੍ਹਾਂ ’ਤੇ ਨਜ਼ਰ ਰੱਖ ਰਹੇ ਹਨ ਤੇ ਕਿਸੇ ਵੀ ਕੀਮਤ ’ਤੇ ਪਲਾਸਟਿਕ ਡੋਰ ਵੇਚਣ ਨਹੀਂ ਦਿਆਂਗੇ।

Leave a Reply

Your email address will not be published. Required fields are marked *