ਰਾਮਪੁਰਾ ਫੂਲ(ਜਸਵੀਰ ਔਲਖ)- ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਰਾਫ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਵਿਖੇ ਪੀ.ਜੀ. ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ‘ਗੁੱਡ ਟੱਚ, ਬੈਡ ਟੱਚ’ ਨਾਲ ਸਬੰਧਿਤ ਕਲਾਸ, ਸਕੂਲ ਪ੍ਰਿੰਸੀਪਲ ਸ੍ਰੀਮਤੀ ਅੰਜੂ ਨਾਗਪਾਲ ਦੀ ਅਗਵਾਈ ‘ਚ ਬੱਚਿਆਂ ਨੂੰ ਉਨ੍ਹਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਸਕੂਲ ‘ਚ ਇਕ ਸਿਖਲਾਈ ਕੈਂਪ ਲਗਾਇਆ ਗਿਆ | ਐਨਜੀਓ ‘ਏਕ ਸੋਚ’ ਦੀ ਸੰਸਥਾਪਕ ਮਿਸ ਅਨਾਮਿਕਾ ਸੰਧੂ ਦੁਆਰਾ ਇਹ ਸੰਸਥਾ ‘ਬੇਟੀ ਪੜ੍ਹਾਓ, ਬੇਟੀ ਬਚਾਓ’, ‘ਗੁੱਡ ਟੱਚ, ਬੈਡ ਟਚ’ ਵਰਗੀਆਂ ਮੁਹਿੰਮਾਂ ਰਾਹੀਂ ਬੱਚਿਆਂ ਦੀ ਸੁਰੱਖਿਆ ਬਾਰੇ ਸਾਰਿਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ 2016 ਤੋਂ ਪੂਰੇ ਭਾਰਤ ਵਿੱਚ ਆਪਣੀ ਭੂਮਿਕਾ ਨਿਭਾ ਰਹੀ ਹੈ।
ਸਿਖਲਾਈ ਕੈਂਪ ਦੌਰਾਨ ਅਨਾਮਿਕਾ ਜੀ ਨੇ ਕਿਹਾ ਕਿ ਸੁਰੱਖਿਅਤ ਛੋਹ-ਅਸੁਰੱਖਿਅਤ ਛੋਹ ਇੱਕ ਬਹੁਤ ਹੀ ਸੰਵੇਦਨਸ਼ੀਲ ਵਿਸ਼ਾ ਹੈ।ਬੱਚਿਆਂ ਨੂੰ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ।
ਉਨ੍ਹਾਂ ਬੱਚਿਆਂ ਨੂੰ ਇਸ ਵਿਸ਼ੇ ਤੋਂ ਜਾਣੂ ਕਰਵਾਉਣ ਲਈ ਜ਼ਰੂਰੀ ਗੱਲਾਂ ਦੱਸੀਆਂ ਅਤੇ ਵੱਖ-ਵੱਖ ਉਦਾਹਰਨਾਂ ਅਤੇ ਹੈਂਡ-ਆਨ ਐਕਟੀਵਿਟੀਜ਼ ਰਾਹੀਂ ਗੁੱਡ ਟੱਚ ਅਤੇ ਬੈਡ ਟਚ ਦੇ ਫਰਕ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇਸ ਆਧੁਨਿਕ ਸੰਸਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ‘ਤੇ ਜ਼ਰੂਰੀ ਗੱਲਾਂ ਦੱਸਣੀਆਂ ਜ਼ਰੂਰੀ ਹਨ।
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਨਾਗਪਾਲ ਨੇ ਮਿਸ ਅਨਾਮਿਕਾ ਸੰਧੂ ਦਾ ਸਿਖਲਾਈ ਅਤੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚੇ ਲਗਾਤਾਰ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਅਸੀਂ ਬੱਚਿਆਂ ਦੀ ਸੁਰੱਖਿਆ ਦਾ ਖਿਆਲ ਰੱਖਣਾ ਆਪਣਾ ਫਰਜ਼ ਸਮਝਦੇ ਹਾਂ, ਇਸੇ ਕਰਕੇ ਸਕੂਲ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਆਪਣੀ ਸੁਰੱਖਿਆ ਲਈ ਸਿਖਲਾਈ ਦੇਣਾ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਾ ਹੈ ਅਤੇ ਸਮੇਂ-ਸਮੇਂ ‘ਤੇ ਸਿਖਲਾਈ ਕੈਂਪ ਲਗਾ ਕੇ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ | ਮਾਪਿਆਂ ਨੂੰ ਦਿਲਚਸਪੀ ਨਾਲ ਇਸ ਮੁਹਿੰਮ ਵਿੱਚ ਜ਼ਿੰਮੇਵਾਰੀ ਨਾਲ ਹਿੱਸਾ ਲੈਣਾ ਚਾਹੀਦਾ ਹੈ।