ਲੁਧਿਆਣਾ – ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਸਾਲ 2021 ਵਿੱਚ ਕੁਆਲਿਟੀ ਰੋਡ, ਸ਼ਿਮਲਾਪੁਰੀ, ਲੁਧਿਆਣਾ ਵਿਖੇ ਸਥਾਨਕ ਐਲਡੀਕੋ ਅਸਟੇਟ ਵਨ ਨੇੜੇ 2 ਸਾਲ 9 ਮਹੀਨੇ ਦੀ ਮਾਸੂਮ ਬੱਚੀ ਦਿਲਰੋਜ਼ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ਾਂ ਤਹਿਤ ਅੱਜ ਬੀ. ਮਹਿਲਾ ਨੀਲਮ ਨੂੰ ਅੱਜ ਫਾਂਸੀ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ 12 ਅਪ੍ਰੈਲ ਦੋਸ਼ੀ ਠਹਿਰਾਇਆ ਸੀ। ਮਹਿਲਾ ਦੋਸ਼ਣ ‘ਤੇ ਬੱਚੀ ਨੂੰ ਜ਼ਮੀਨ ਵਿਚ ਦਫ਼ਨਾਉਣ ਦੇ ਦੋਸ਼ ਸਨ ਅਤੇ ਸਾਹ ਘੁੱਟਣ ਨਾਲ ਬੱਚੀ ਦੀ ਮੌਤ ਹੋ ਗਈ ਸੀ।
ਅਦਾਲਤ ਵਿਚ ਬਹਿਸ ਦੌਰਾਨ ਪੀੜਤ ਦੇ ਵਕੀਲ ਪਰਉਪਕਾਰ ਘੁੰਮਣ ਅਤੇ ਸਰਕਾਰੀ ਵਕੀਲ ਬੀਡੀ ਗੁਪਤਾ ਨੇ ਕਿਹਾ ਸੀ ਕਿ ਮਾਸੂਮ ਬੱਚੀ ਦੇ ਕਤਲ ਲਈ ਘੱਟੋ-ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਪੀੜਤ ਉਸ ਦੀ ਗੁਆਂਢੀ ਸੀ। ਜ਼ਿੰਦਾ ਦਫ਼ਨਾਏ ਜਾਣ ਨਾਲ ਬੱਚੀ ਨੂੰ ਹੋਣ ਵਾਲਾ ਦੁੱਖ਼ ਅਸਾਧਾਰਨ ਹੈ। ਅਸਲ ਵਿੱਚ ਮੁਲਜ਼ਮ ਨੂੰ ਪਤਾ ਸੀ ਕਿ ਜੇਕਰ ਜ਼ਿੰਦਾ ਦਫ਼ਨ ਕਰ ਦਿੱਤਾ ਗਿਆ ਤਾਂ ਬੱਚੀ ਦੀ ਸਾਹ ਘੁੱਟਣ ਨਾਲ ਮੌਤ ਹੋ ਜਾਵੇਗੀ ਅਤੇ ਰੇਤ/ਮਿੱਟੀ ਨੱਕ, ਹਵਾ ਦੀ ਨਲੀ, ਫੇਫੜਿਆਂ ਅਤੇ ਫਿਰ ਖ਼ੂਨ ਦੇ ਵਹਾਅ ਵਿੱਚ ਅਤੇ ਮੂੰਹ, ਅੱਖਾਂ ਅਤੇ ਕੰਨਾਂ ਵਿੱਚ ਵੀ ਜਾ ਸਕਦੀ ਹੈ, ਜੋਕਿ ਇਸ ਮਾਮਲੇ ਵਿੱਚ ਵਾਪਰਿਆ। ਅਜਿਹੇ ਮਾਮਲਿਆਂ ਵਿੱਚ ਮੌਤ ਬਹੁਤ ਦੁੱਖ਼ਦਾਈ ਹੁੰਦੀ ਹੈ ਕਿਉਂਕਿ ਦਫ਼ਨਾਇਆ ਜਾਣ ਵਾਲਾ ਵਿਅਕਤੀ ਸਾਹ ਲੈਣ ਵਿੱਚ ਅਸਮਰੱਥ ਹੁੰਦਾ ਹੈ। ਦਰਅਸਲ ਜ਼ਿੰਦਾ ਦਫ਼ਨਾਏ ਜਾਣ ਦੀ ਘਟਨਾ ਭਿਆਨਕ ਮੌਤਾਂ ਦੀ ਸੂਚੀ ਵਿਚ ਕਾਫ਼ੀ ਉੱਪਰ ਹੈ। ਜਦੋਂ ਅਦਲਾਤ ਨੇ ਉਸ ਮਹਿਲਾ ਨੂੰ ਦੋਸ਼ੀ ਠਹਿਰਾਇਆ ਤਾਂ ਇਸਤਗਾਸਾ ਪੱਖ ਨੇ ਉਸ ਨੂੰ ਮੌਤ ਦੀ ਸਜ਼ਾ ਦੀ ਮੰਗ ਚੁੱਕੀ ਸੀ, ਦੋਸ਼ੀ ਦੇ ਵਕੀਲ ਨੇ ਨਰਮੀ ਦੀ ਮੰਗ ਕੀਤੀ।
ਪੀੜਤ ਬੱਚੀ ਦੇ ਦਾਦਾ ਸ਼ਮਿੰਦਰ ਸਿੰਘ ਦੇ ਬਿਆਨਾਂ ਤੋਂ ਬਾਅਦ 28 ਨਵੰਬਰ 2021 ਨੂੰ ਥਾਣਾ ਸ਼ਿਮਲਾਪੁਰੀ ਵਿਖੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਔਰਤ ਦੇ ਮਾੜੇ ਆਚਰਣ ਕਾਰਨ ਉਨ੍ਹਾਂ ਦਾ ਮੁੰਡਾ ਆਪਣੀ ਪਤਨੀ ਨੂੰ ਨੀਲਮ ਨਾਲ ਮਿਲਣ ਤੋਂ ਰੋਕਿਆ ਸੀ, ਜਿਸ ਕਾਰਨ ਨੀਲਮ ਨੇ ਉਨ੍ਹਾਂ ਦੇ ਪੁੱਤਰ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਬਦਲਾ ਲੈਣ ਦੀ ਨੀਅਤ ਨਾਲ ਗਲੀ ‘ਚ ਖੇਡ ਰਹੀ ਉਨ੍ਹਾਂ ਪੋਤੀ ਦਿਲਰੋਜ਼ ਨੂੰ ਵਰਗਲਾ ਕੇ ਆਪਣੀ ਐਕਟਿਵਾ ‘ਤੇ ਬਿਠਾ ਕੇ ਸੜਕ ਕਿਨਾਰੇ ਲੈ ਗਈ। ਹੁਸੈਨਪੁਰਾ ਨੇੜੇ ਐਲਡੀਕੋ ਅਸਟੇਟ ਕੋਲ ਇਕ ਸੁੰਨਸਾਨ ਜਗ੍ਹਾ ‘ਤੇ ਬੱਚੀ ਨੂੰ ਉਸ ਨੇ ਜ਼ਿੰਦਾ ਦਫ਼ਨਾ ਦਿੱਤਾ ਸੀ, ਜਿਸ ਕਾਰਨ ਮਾਸੂਮ ਬੱਚੀ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਬਾਅਦ ਵਿਚ ਮਹਿਲਾ ਨੂੰ ਵੀ ਮੌਕੇ ‘ਤੇ ਫੜ ਲਿਆ ਗਿਆ। ਅਦਾਲਤ ਵਿਚ ਇਸਤਗਾਸਾ ਪੱਖ ਨੇ ਕਰੀਬ 26 ਗਵਾਹ ਪੇਸ਼ ਕੀਤੇ ਅਤੇ ਮਾਮਲਾ ਹੱਲ ਹੋ ਸਕਿਆ।