ਚੰਡੀਗੜ੍ਹ : ਇੱਕ ਨਿਵੇਕਲੇ ਉਪਰਾਲੇ ਤਹਿਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਇੱਕ ਸਮਰਪਿਤ ਵਟਸਐਪ ਚੈਨਲ ‘ਮੁੱਖ ਚੋਣ ਅਧਿਕਾਰੀ, ਪੰਜਾਬ’ ਦੀ ਸ਼ੁਰੂਆਤ ਕੀਤੀ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਟਸਐਪ ਚੈਨਲ ਦਾ ਮਕਸਦ ਚੋਣਾਂ ਸਬੰਧੀ ਆਮ ਜਨਤਾ ਅਤੇ ਚੋਣ ਅਮਲ ਦੇ ਭਾਗੀਦਾਰਾਂ ਲਈ ਮਹੱਤਵਪੂਰਨ ਜਾਣਕਾਰੀ ਨੂੰ ਪ੍ਰਸਾਰਿਤ ਕਰਨਾ ਹੈ।
ਇਸ ਵਿੱਚ ਚੋਣ ਪ੍ਰਕਿਰਿਆਵਾਂ, ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ) ਗਤੀਵਿਧੀਆਂ, ਮਹੱਤਵਪੂਰਨ ਤਾਰੀਖ਼ਾਂ, ਵੱਖ-ਵੱਖ ਅੰਕੜੇ ਅਤੇ ਲੋਕ ਸਭਾ ਚੋਣਾਂ-2024 ਨਾਲ ਸਬੰਧਿਤ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਚੈਨਲ ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪ੍ਰਾਪਤੀ ਲਈ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਕੀਤੀਆਂ ਮਹੱਤਵਪੂਰਨ ਪਹਿਲ ਕਦਮੀਆਂ ਨੂੰ ਵੀ ਵੋਟਰਾਂ ਤੱਕ ਪੁੱਜਦਾ ਕਰੇਗਾ।
ਇਹ ਉਪਰਾਲਾ ਜਨਤਕ ਸ਼ਮੂਲੀਅਤ ਲਈ ਤਕਨਾਲੋਜੀ ਦਾ ਲਾਭ ਉਠਾਉਣ ਲਈ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਪਹਿਲਾਂ ਤੋਂ ਜਾਰੀ ਯਤਨਾਂ ਦਾ ਹਿੱਸਾ ਹੈ। ਸਿਬਿਨ ਸੀ ਨੇ ਦੱਸਿਆ ਕਿ ਜਾਣਕਾਰੀ ਅਤੇ ਹੋਰ ਗਤੀਵਿਧੀਆਂ ਦਾ ਪ੍ਰਸਾਰ ਕਰਨ ਅਤੇ ਵੋਟਰਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਇਸ ਤੋਂ ਪਹਿਲਾਂ ਨਿਯਮਤ ਪੋਡਕਾਸਟ ਸ਼ੁਰੂ ਕੀਤਾ ਗਿਆ ਹੈ ਅਤੇ ‘ਫੇਸਬੁੱਕ ਲਾਈਵ’ ਸੈਸ਼ਨ ਵੀ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ @TheCEOPunjab ਹੈਂਡਲ ਨਾਲ ਫੇਸਬੁੱਕ, ਐਕਸ, ਇੰਸਟਾਗ੍ਰਾਮ ਅਤੇ ਯੂਟਿਊਬ ਚੈਨਲ ਵੀ ਚਲਾਏ ਜਾ ਰਹੇ ਹਨ।
WhatsApp ਚੈਨਲ ਦਾ ਲਿੰਕ:
https://whatsapp.com/channel/0029VaXAfbp2975C6NZL2G02
ਸਿਬਿਨ ਸੀ. ਨੇ ਵਟਸਐਪ ਵਰਤਣ ਵਾਲਿਆਂ ਨੂੰ ਲੋਕ ਸਭਾ ਚੋਣਾਂ-2024 ਬਾਰੇ ਨਿਯਮਤ ਅਤੇ ਪ੍ਰਮਾਣਿਕ ਅਪਡੇਟ ਪ੍ਰਾਪਤ ਕਰਨ ਲਈ ਅਧਿਕਾਰਤ ਚੈਨਲ ਨਾਲ ਜੁੜਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਟਸਐਪ ਵਰਤਣ ਵਾਲਿਆਂ ਨੂੰ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਇਸ ਚੈਨਲ ਦੀ ਜਾਣਕਾਰੀ ਨੂੰ ਹੋਰ ਸਮੂਹਾਂ ਵਿੱਚ ਸਾਂਝਾ ਕਰਨ ਦੀ ਅਪੀਲ ਵੀ ਕੀਤੀ ਹੈ।