ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਵੱਧਦਾ ਜਾ ਰਿਹਾ ਹੈ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਇਕ ਵਾਰ ਫਿਰ ਬਗਾਵਤ ਹੋ ਗਈ ਹੈ। ਲੋਕ ਸਭਾ ਚੋਣਾਂ ਵਿਚ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਪਾਰਟੀ ਨੂੰ ਮੁੜ ਪੈਰਾਂ ’ਤੇ ਖੜਾ ਕਰਨ ਲਈ ਜਿਥੇ ਸੁਖਬੀਰ ਬਾਦਲ ਚੰਡੀਗੜ੍ਹ ਸਥਿਤ ਦਫ਼ਤਰ ਵਿਚ ਜਿਲ੍ਹਾ ਜਥੇਦਾਰਾ, ਸਾਬਕਾ ਵਿਧਾਇਕਾਂ ਤੇ ਹਲਕਾ ਇੰਚਾਰਜ਼ਾਂ ਨਾਲ ਮੀਟਿੰਗ ਕਰ ਰਹੇ ਸਨ, ਦੂਜੇ ਪਾਸੇ ਪਾਰਟੀ ਦੇ ਸੀਨੀਅਰ ਆਗੂਆਂ, ਸਾਬਕਾ ਮੰਤਰੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖ਼ੜਾ, ਸਿਕੰਦਰ ਸਿੰਘ ਮਲੂਕਾ, ਸੁੱਚਾ ਸਿੰਘ ਛੋਟੇਪੁਰ, ਪਰਮਿੰਦਰ ਸਿੰਘ ਢੀਂਡਸਾ, ਸਰਵਣ ਸਿੰਘ ਫਿਲੌਰ, ਭਾਈ ਮਨਜੀਤ ਸਿੰਘ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਲੰਧਰ ਵਿਖੇ ਅਲੱਗ ਤੋਂ ਮੀਟਿੰਗ ਕੀਤੀ। ਇਹਨਾਂ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਧਾਨਗੀ ਤੋਂ ਲਾਂਭੇ ਹੋਣ ਦੀ ਗੱਲ ਕਹੀ ਹੈ।
ਵਰਨਣਯੋਗ ਹੈ ਕਿ ਵਿਧਾਨ ਸਭਾ ਚੋਣਾਂ (2022) ਵਿਚ ਵੀ ਅਕਾਲੀ ਦਲ ਦੀ ਬੁਰੀ ਹਾਰ ਬਾਅਦ ਪਾਰਟੀ ਪ੍ਰਧਾਨ ਖਿਲਾਫ਼ ਬਗਾਵਤ ਕਰਦੇ ਹੋਏ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਬਦਲਾਅ ਦੀ ਅਵਾਜ਼ ਬੁਲੰਦ ਕੀਤੀ ਸੀ। ਉਸ ਵਕਤ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਸੀ, ਪਰ ਖੁਦ ਪ੍ਰਧਾਨ ਬਣੇ ਰਹੇ। ਬਾਗੀ ਸੁਰਾਂ ਨੂੰ ਠੱਲ੍ਹਣ ਲਈ ਉਸ ਵਕਤ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਇਕ ਕਮੇਟੀ ਗਠਿਤ ਕੀਤੀ ਗਈ ਸੀ। ਝੂੰਦਾਂ ਕਮੇਟੀ ਨੇ ਕਰੀਬ 100 ਵਿਧਾਨ ਸਭਾ ਹਲਕਿਆਂ ਦੇ ਵਰਕਰਾਂ, ਆਗੂਆਂ,ਲੋਕਾਂ ਨਾਲ ਗੱਲਬਾਤ ਦੇ ਆਧਾਰ ’ਤੇ ਪੂਰੀ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਂਪੀ ਸੀ। ਉਸ ਵਕਤ ਹਾਰ ਦੇ ਕਾਰਨਾਂ ਦੇ ਮੁੱਖ ਕਾਰਨ ਡੇਰਾ ਮੁਖੀ ਦੀ ਮਾਫ਼ੀ, ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕਰਨਾ, ਵਿਵਾਦਤ ਪੁਲਿਸ ਅਧਿਕਾਰੀ ਸੁਮੇਧ ਸੈਣੀ ਨੂੰ ਡੀਜੀਪੀ ਲਗਾਉਣ ਦਾ ਮਾਮਲਾ ਮੁੱਖ ਰੂਪ ਵਿਚ ਉਭਰਕੇ ਸਾਹਮਣਾ ਆਇਆ ਸੀ।
ਹੁਣ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਦਸ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਤੇਰਾਂ ਵਿਚੋ ਸਿਰਫ਼ ਇਕ ਸੀਟ ਪਾਰਟੀ ਦੀ ਝੋਲੀ ਪਈ ਹੈ। ਪਾਰਟੀ ਦੀ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਐਨੀ ਬੁਰੀ ਹਾਰ ਹੋਈ ਹੈ ਕਿ ਦਸ ਉਮੀਦਵਾਰ ਚੌਥੇ ਤੇ ਇਕ ਪੰਜਵੇ ਸਥਾਨ ’ਤੇ ਪੁੱਜ ਗਿਆ।
ਅਕਾਲੀ ਦਲ ਲਗਾਤਾਰ ਦੋ ਵਾਰ ਵਿਧਾਨ ਸਭਾ, ਨਗਰ ਨਿਗਮ ਤੇ ਪੰਚਾਇਤੀ ਚੋਣਾਂ ਹਾਰ ਗਿਆ। ਹਾਰ ਜਾਣ ਬਾਅਦ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਹਾਰ ਦੇ ਕਾਰਨ ਦਾ ਠੀਕਰਾ ਪਾਰਟੀ ਪ੍ਰਧਾਨ ਸਿਰ ਭੰਨਿਆਂ ਤਾਂ ਇਸ ਬਾਅਦ ਹੋਰ ਵੀ ਆਗੂਆਂ ਨੇ ਪਾਰਟੀ ਪ੍ਰਧਾਨ ਖਿਲਾਫ਼ ਬਗਾਵਤੀ ਸੁਰ ਅਲਾਪਣੇ ਸ਼ੁਰੂ ਕਰ ਦਿੱਤੇ।
1 ਜੁਲਾਈ ਨੂੰ ਜਥੇਦਾਰ ਸਾਹਿਬ ਨੂੰ ਮਿਲਣਗੇ ਅਕਾਲੀ ਆਗੂ -ਚੰਦੂਮਾਜਰਾ
ਜਲੰਧਰ ਵਿਖੇ ਬਾਗੀ ਹੋਏ ਆਗੂਆਂ ਨੇ ਮੀਟਿੰਗ ਵਿਚ ਲਏ ਫੈਸਲਿਆਂ ਬਾਰੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਅਕਾਲੀ ਆਗੂ 1 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ ਅਤੇ ਲਿਖਤੀ ਰੂਪ ਵਿਚ ਭੁੱਲ ਬਖ਼ਸਾਉਣ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਖਿਮਾ ਜਾਚਕਾ ਲਈ ਬੇਨਤੀ ਕਰਨਗੇ। ਚੰਦੂਮਾਜਰਾ ਨੇ ਕਿਹਾ ਕਿ ਪਿਛਲੇ ਸਮੇ ਦੌਰਾਨ ਕੁਝ ਗਲਤੀਆਂ ਹੋਈਆਂ ਹਨ,ਕਈ ਜਾਣਬੁੱਝ ਕੇ ਅਤੇ ਕਈ ਵੈਸੇ ਚੁੱਪ ਰਹੇ। ਉਨ੍ਹਾਂ ਸਾਰੇ ਅਕਾਲੀ ਆਗੂਆਂ ਨੂੰ ਇਕ ਜੁਲਾਈ ਨੂੰ ਭੁੱਲ ਬਖਸ਼ਾਉਣ ਲਈ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਸ਼ਾਨਮੱਤਾ ਇਤਿਹਾਸ ਹੈ ਅਤੇ ਅਕਾਲੀ ਦਲ ਨੂੰ ਮੁੜ ਪੁਰਾਣੀਆਂ ਲੀਹਾਂ ’ਤੇ ਲਿਆਉਣ ਲਈ ਇਕੱਠੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਅਰਦਾਸ ਕਰਨਗੇ।
ਅਸਤੀਫ਼ਾ ਮੰਗਣ ਵਾਲੇ ਵਾਰ ਵਾਰ ਹਾਰੇ ਹਨ-ਗਰੇਵਾਲ
ਉਧਰ ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ, ਡਾ ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਲੋਕਤੰਤਰ ਵਿਚ ਮਤਭੇਦ ਹੁੰਦੇ ਹਨ ਤੇ ਇਹ ਬਗਾਵਤ ਨਹੀਂ ਹੈ। ਗਰੇਵਾਲ ਨੇ ਬਾਦਲ ਦਾ ਪੱਖ ਪੂਰਦੇ ਹੋਏ ਕਿਹਾ ਕਿ ਜਿਹਨਾਂ ਦਾ ਅਸਤੀਫ਼ਾ ਮੰਗਿਆ ਜਾ ਰਿਹਾ ਹੈ, ਉਹ ਤਾਂ ਫਿਰ 50 ਹਜ਼ਾਰ ਵੋਟਾਂ ਦੇ ਅੰਤਰ ਨਾਲ ਜਿੱਤੇ ਹਨ। ਜਦਕਿ ਉਹ (ਬਾਗੀ ਹੋਏ) ਤਿੰਨ ਤਿੰਨ ਵਾਰ ਲਗਾਤਾਰ ਹਾਰ ਰਹੇ ਹਨ ਅਤੇ ਅਸਤੀਫ਼ਾ ਉਹਨਾਂ ਨੂੰ ਦੇਣਾ ਚਾਹੀਦਾ ਹੈ।
ਭੂੰਦੜ ਨੇ ਕਿਹਾ ਕਿ ਦੇਸ਼ ਵਿਚ ਮੋਦੀ ਦੇ ਹੱਕ ਅਤੇ ਵਿਰੋਧ ਵਿਚ ਲਹਿਰ ਚੱਲ ਰਹੀ ਸੀ। ਅਕਾਲੀ ਦਲ ਲੋਕਾਂ ਨੂੰ ਇਹ ਸਮਝਾ ਨਹੀਂ ਸਕਿਆ ਕਿ ਉਹ ਜਿੱਤ ਬਾਅਦ ਕਿਥੇ ਖੜੇ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਹਿੱਤ ਲਈ ਅਸੂਲਾਂ ’ਤੇ ਖੜ੍ਹੀ ਹੈ ਅਤੇ ਉਨ੍ਹਾਂ ਲਈ ਰਾਜ ਭਾਗ ਬਾਅਦ ਦੀ ਗੱਲ ਹੈ।