ਬਠਿੰਡਾ : ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ਹਿਰ ਵਿਚ ਬਣੀਆਂ ਨਾਜਾਇਜ਼ ਇਮਾਰਤਾਂ ਖ਼ਿਲਾਫ਼ ਕਾਰਵਾਈ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਵੀ ਨਿਗਮ ਦੀ ਬਿਲਡਿੰਗ ਸ਼ਾਖਾ ਨੇ ਲਾਈਨਪਾਰ ਇਲਾਕੇ ਦੀ ਲਾਲ ਸਿੰਘ ਬਸਤੀ ਵਿਚ ਬਣ ਰਹੀਆਂ ਵੱਖ-ਵੱਖ ਨਾਜਾਇਜ਼ ਇਮਾਰਤਾਂ ’ਤੇ ਜੇਸੀਬੀ ਚਲਾ ਕੇ ਢਾਹ ਦਿੱਤਾ। ਇਸ ਦੌਰਾਨ ਬਿਨਾਂ ਮਨਜ਼ੂਰੀ ਤੋਂ ਕਰੀਬ 5 ਹਜ਼ਾਰ ਗਜ਼ ਦੇ ਰਕਬੇ ਵਿਚ ਕੱਟੀ ਜਾ ਰਹੀ ਰਿਹਾਇਸ਼ੀ ਕਾਲੋਨੀ ਤੋਂ ਇਲਾਵਾ ਬਿਨਾਂ ਨਕਸ਼ਾ ਪਾਸ ਕਰਵਾਏ ਉਸਾਰੀਆਂ ਜਾ ਰਹੀਆਂ ਦੋ ਦੁਕਾਨਾਂ ਨੂੰ ਢਾਹ ਦਿੱਤਾ ਗਿਆ ਅਤੇ ਉਕਤ ਇਮਾਰਤ ਨੂੰ ਵੀ ਸੀਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਲਾਲ ਸਿੰਘ ਬਸਤੀ ਵਿਚ ਵੀ ਬਿਨਾਂ ਮਨਜ਼ੂਰੀ ਤੋਂ ਦੁਕਾਨ ਦੀ ਛੱਤ ’ਤੇ ਲਗਾਏ ਮੋਬਾਈਲ ਟਾਵਰ ਤੋਂ ਇਲਾਵਾ ਦੁਕਾਨ ਨੂੰ ਵੀ ਸੀਲ ਕਰ ਦਿੱਤਾ ਗਿਆ। ਇਸ ਸਮੁੱਚੀ ਕਾਰਵਾਈ ਦੌਰਾਨ ਏਟੀਪੀ ਦਮਨਪ੍ਰੀਤ ਸਿੰਘ, ਬਿਲਡਿੰਗ ਇੰਸਪੈਕਟਰ ਪਲਵਿੰਦਰ ਸਿੰਘ ਮਾਲੀ, ਜਤਿੰਦਰ ਸਿੰਘ, ਅਕਸ਼ੈ ਜਿੰਦਲ, ਹੈੱਡ ਡਰਾਫਟਸਮੈਨ ਸਤੀਸ਼ ਮਲਹੋਤਰਾ ਅਤੇ ਪੁਲਿਸ ਟੀਮ ਹਾਜ਼ਰ ਸੀ। ਜ਼ੋਨ ਇੰਸਪੈਕਟਰ ਪਲਵਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਲਾਲ ਸਿੰਘ ਬਸਤੀ ਗਲੀ ਨੰਬਰ 8 ਚ ਕੁਝ ਵਿਅਕਤੀ ਕਰੀਬ 5 ਹਜ਼ਾਰ ਗਜ਼ ਦਾ ਪਲਾਟ ਬਣਾ ਕੇ ਨਾਜਾਇਜ਼ ਤੌਰ ਤੇ ਰਿਹਾਇਸ਼ੀ ਕਾਲੋਨੀ ਬਣਾ ਰਹੇ ਹਨ, ਜਿਸ ਵਿਚ ਪਲਾਟਾਂ ਦੀ ਨਿਸ਼ਾਨਦੇਹੀ ਕਰਨ ਲਈ ਛੋਟੀਆਂ ਕੰਧਾਂ ਨੂੰ ਵੀ ਕੱਢ ਦਿੱਤੀਆਂ ਗਈਆਂ ਹਨ। ਉਕਤ ਵਿਅਕਤੀਆਂ ਨੇ ਨਾ ਤਾਂ ਨਿਗਮ ਵੱਲੋਂ ਕਾਲੋਨੀ ਪਾਸ ਕਰਵਾਈ ਹੈ ਅਤੇ ਨਾ ਹੀ ਸੀਐੱਲਯੂ ਕਰਵਾਇਆ ਹੈ। ਉਕਤ ਵਿਅਕਤੀ ਕਾਲੋਨੀ ਨੂੰ ਨਾਜਾਇਜ਼ ਤੌਰ ਤੇ ਕੱਟ ਕੇ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਚਨਾ ਦੇ ਆਧਾਰ ਤੇ ਸੋਮਵਾਰ ਨੂੰ ਜੇਸੀਬੀ ਦੀ ਮਦਦ ਨਾਲ ਉਕਤ ਨਾਜਾਇਜ਼ ਕਾਲੋਨੀ ਤੇ ਕਾਰਵਾਈ ਕਰਦੇ ਹੋਏ ਇਸ ਦੀ ਚਾਰਦੀਵਾਰੀ ਨੂੰ ਤੋੜਨ ਤੋਂ ਇਲਾਵਾ ਇਸ ਦੀਆਂ ਸੜਕਾਂ ਨੂੰ ਵੀ ਪੁੱਟ ਦਿੱਤਾ ਗਿਆ। ਕਾਲੋਨਾਈਜ਼ਰ ਨੂੰ ਨਿਗਮ ਵੱਲੋਂ ਕਾਲੋਨੀ ਦੀ ਮਨਜ਼ੂਰੀ ਅਤੇ ਸੀਐਲਯੂ ਅਤੇ ਨਕਸ਼ਾ ਪਾਸ ਕਰਵਾਉਣ ਤੋਂ ਬਾਅਦ ਹੀ ਉਸਾਰੀ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਗਈ। ਇਸੇ ਤਰ੍ਹਾਂ ਦੂਸਰੀ ਕਾਰਵਾਈ ਵਿਚ ਵੀ ਲਾਲ ਸਿੰਘ ਬਸਤੀ ਗਲੀ ਨੰਬਰ 6 ਦੇ ਸਾਹਮਣੇ ਦੋ ਦੁਕਾਨਾਂ ਦਾ ਨਕਸ਼ਾ ਪਾਸ ਕਰਵਾਏ ਬਿਨਾਂ ਹੀ ਉਸਾਰਿਆ ਜਾ ਰਿਹਾ ਹੈ। ਇੰਸਪੈਕਟਰ ਮਾਲੀ ਨੇ ਦੱਸਿਆ ਕਿ ਨਕਸ਼ਾ ਪਾਸ ਨਾ ਹੋਣ ਕਾਰਨ ਜੇਸੀਬੀ ਦੀ ਮਦਦ ਨਾਲ ਦੁਕਾਨਾਂ ਨੂੰ ਢਾਹ ਦਿੱਤਾ ਗਿਆ। ਦੋਵਾਂ ਦੁਕਾਨਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਸੀ, ਤਾਂ ਜੋ ਨਕਸ਼ਾ ਪਾਸ ਹੋਣ ਤੋਂ ਬਾਅਦ ਹੀ ਉਸਾਰੀ ਹੋ ਸਕੇ। ਇਸ ਤੋਂ ਇਲਾਵਾ ਤੀਸਰੀ ਕਾਰਵਾਈ ਕਰਦਿਆਂ ਲਾਲ ਸਿੰਘ ਬਸਤੀ ਗਲੀ ਨੰਬਰ 29 ਵਿਚ ਇਕ ਦੁਕਾਨ ਦੀ ਛੱਤ ’ਤੇ ਬਿਨਾਂ ਮਨਜ਼ੂਰੀ ਲਗਾਏ ਮੋਬਾਈਲ ਟਾਵਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇੰਸਪੈਕਟਰ ਮਾਲੀ ਅਨੁਸਾਰ ਇਲਾਕੇ ਦੇ ਲੋਕ ਲਗਾਤਾਰ ਨਿਗਮ ਨੂੰ ਸ਼ਿਕਾਇਤਾਂ ਕਰ ਰਹੇ ਸਨ। ਇਸ ਕਾਰਨ ਦੁਕਾਨ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ, ਜਿਸ ਉੱਪਰ ਟਾਵਰ ਲੱਗਾ ਹੋਇਆ ਸੀ।