ਲੁਧਿਆਣਾ (ਬਿਊਰੋ)- ਨਗਰ ਨਿਗਮ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਜੋ ਕਾਰਵਾਈ ਕੀਤੀ ਜਾ ਰਹੀ ਹੈ। ਉਸ ਨਾਲ ਜ਼ੋਨ-ਬੀ ਦੇ ਏਰੀਆ ’ਚ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਾਜਾਇਜ਼ ਤੌਰ ’ਤੇ ਬਣ ਰਹੀਆ ਕਾਲੋਨੀਆਂ ਅਤੇ ਲੇਬਰ ਕੁਆਰਟਰਾਂ ਦੀ ਪੋਲ ਖੁੱਲ੍ਹ ਗਈ ਹੈ। ਇਨ੍ਹਾਂ ’ਚ ਪਹਿਲਾਂ ਕਮਿਸ਼ਨਰ ਸੰਦੀਪ ਰਿਸ਼ੀ ਦੇ ਛੁੱਟੀ ’ਤੇ ਜਾਣ ਦੌਰਾਨ ਨਗਰ ਨਿਗਮ ਦਾ ਚਾਰਜ ਸੰਭਾਲ ਰਹੀ ਡੀ. ਸੀ. ਸਾਕਸ਼ੀ ਸਾਹਨੀ ਵਲੋਂ ਦਿੱਤੀ ਗਈ ਨਾਜਾਇਜ਼ ਬਿਲਡਿੰਗ ਬਣਨ ਦੀ ਹਾਲਤ ਵਿਚ ਚਿਤਾਵਨੀ ਦਿੱਤੇ ਬਿਨਾ ਸਸਪੈਂਡ ਕਰਨ ਦੀ ਚਿਤਾਵਨੀ ਦੇ ਮੱਦੇਨਜ਼ਰ ਜ਼ੋਨ-ਬੀ ਵਿਚ ਸਭ ਤੋਂ ਬਾਅਦ ਕਾਰਵਾਈ ਸ਼ੁਰੂ ਹੋਈ ਸੀ।

ਇਸ ਦੌਰਾਨ ਬਲਾਕ 30 ਦੇ ਅਧੀਨ ਆਉਂਦੇ ਸ਼ੇਰਪੁਰ, ਦੁਰਗਾ ਕਾਲੋਨੀ, ਜੀਵਨ ਨਗਰ ਦੇ ਇਲਾਕਿਆਂ ’ਚ ਨਾਜਾਇਜ਼ ਤੌਰ ’ਤੇ ਬਣ ਰਹੀ ਕਮਰਸ਼ੀਅਲ ਬਿਲਡਿੰਗਾਂ ਅਤੇ ਲੇਬਰ ਕੁਆਰਟਰਾਂ ਨੂੰ ਤੋੜਨ ਜਾਂ ਸੀਲਿੰਗ ਦੀ ਕਾਰਵਾਈ ਕੀਤੀ ਗਈ। ਹੁਣ ਮੁੰਡੀਆਂ ’ਚ ਸਥਿਤ ਲੇਬਰ ਕੁਆਰਟਰਾਂ ਦੇ ਨਾਲ ਤਾਜਪੁਰ ਰੋਡ ਡੰਪ ਦੇ ਪਾਬੰਦੀਸ਼ੁਦਾ ਏਰੀਆ ’ਚ ਬਣ ਰਹੀਆਂ ਕਾਲੋਨੀਆਂ ਖਿਲਾਫ ਇਹੀ ਐਕਸ਼ਨ ਲੈਣ ਦੀ ਗੱਲ ਕਹੀ ਗਈ ਹੈ।

ਇਹ ਏਰੀਆ ਸੇਵਾਦਾਰ ਤੋਂ ਇੰਸਪੈਕਟਰ ਬਣਨ ਦੇ ਬਾਅਦ ਲਗਾਤਾਰ 7 ਸਾਲ ਤੋਂ ਬਲਾਕ 31 ਵਿਚ ਹੀ ਕਾਬਜ਼ ਬਿਲਡਿੰਗ ਇੰਸਪੈਕਟਰ ਰਣਧੀਰ ਸਿੰਘ ਨੂੰ ਦਿੱਤਾ ਗਿਆ ਹੈ, ਜਿਸ ਦੀ ਮਿਲੀਭੁਗਤ ਨਾਲ ਵੱਡੇ ਪੈਮਾਨੇ ’ਤੇ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਦਾ ਨਿਰਮਾਣ ਹੋ ਰਿਹਾ ਹੈ ਅਤੇ ਹੁਣ ਮਾਮਲਾ ਕਮਿਸ਼ਨਰ ਕੋਲ ਪੁੱਜਣ ਤੋਂ ਬਾਅਦ ਪੁਖਤਾ ਕਾਰਵਾਈ ਕਰਨ ਦੀ ਬਜਾਏ ਖਾਨਾਪੂਰਤੀ ਕੀਤੀ ਗਈ ਹੈ ਪਰ ਇਸ ਗੱਲ ’ਤੇ ਪਰਦਾ ਪਾਉਣ ਲਈ ਨਿਗਮ ਵੱਲੋਂ ਜਾਰੀ ਪ੍ਰੈੱਸ ਨੋਟ ’ਚ ਏ. ਟੀ. ਪੀ. ਦੇ ਹਵਾਲੇ ਨਾਲ ਰੁਟੀਨ ਚੈਕਿੰਗ ਦੌਰਾਨ ਨਾਜਾਇਜ਼ ਕਾਲੋਨੀਆਂ ਅਤੇ ਲੇਬਰ ਕੁਆਰਟਰਾਂ ਦੇ ਨਿਰਮਾਣ ਬਾਰੇ ਪਤਾ ਲੱਗਣ ਦੀ ਗੱਲ ਕਹੀ ਗਈ ਹੈ।

ਬਿਲਡਿੰਗ ਇੰਸਪੈਕਟਰਾਂ ਨੂੰ ਜਾਰੀ ਹੋਵੇਗਾ ਨੋਟਿਸ

ਇਸ ਮਾਮਲੇ ਨਾਲ ਜੁੜਿਆ ਹੋਇਆ ਇਕ ਪਹਿਲੁੂ ਇਹ ਵੀ ਹੈ ਕਿ ਰਿਹਾਇਸ਼ੀ ਇਲਾਕੇ ’ਚ ਕਿਸੇ ਵੀ ਕੀਮਤ ’ਤੇ ਲੇਬਰ ਕੁਆਰਟਰਾਂ ਦਾ ਨਿਰਮਾਣ ਨਾ ਹੋਣ ਦੇਣ ਨੂੰ ਲੈ ਕੇ ਕਮਿਸ਼ਨਰ ਵੱਲੋਂ ਲਿਖਤੀ ’ਚ ਆਰਡਰ ਜਾਰੀ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਸਬੰਧਤ ਜ਼ੋਨ ਦੇ ਏ. ਟੀ. ਪੀ. ਵੱਲੋਂ ਬਿਲਡਿੰਗ ਇੰਸਪੈਕਟਰਾਂ ਨੂੰ ਨੋਟਿਸ ਜਾਰੀ ਵੀ ਕਰਵਾਇਆ ਗਿਆ ਹੈ ਪਰ ਜ਼ੋਨ-ਬੀ ਦੇ ਅਧੀਨ ਆਉਂਦੇ ਇਲਾਕੇ ਜਿਨ੍ਹਾਂ ਲੇਬਰ ਕੁਆਰਟਰਾਂ ਦੇ ਖਿਲਾਫ ਪਿਛਲੇ ਦਿਨੀਂ ਕਾਰਵਾਈ ਕੀਤੀ ਗਈ ਹੈ, ਦਾ ਨਿਰਮਾਣ ਕਾਫੀ ਹੱਦ ਤੱਕ ਪੂਰਾ ਹੋ ਗਿਆ ਹੈ। ਜੋ ਬਿਲਡਿੰਗ ਇੰਸਪੈਕਟਰਾਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਇਸ ਮੁੱਦੇ ’ਤੇ ਏ. ਟੀ. ਪੀ. ਹਰਵਿੰਦਰ ਹਨੀ ਦਾ ਕਹਿਣਾ ਹੈ ਕਿ ਕਮਿਸ਼ਨਰ ਦੇ ਆਰਡਰ ਦੇ ਬਾਵਜੂਦ ਲੇਬਰ ਕੁਆਰਟਰਾਂ ਨੂੰ ਫਸਟ ਸਟੇਜ ’ਤੇ ਨਿਰਮਾਣ ਨਾ ਰੋਕਣ ਲਈ ਬਿਲਡਿੰਗ ਇੰਸਪੈਕਟਰਾਂ ਨੂੰ ਨੋਟਿਸ ਜਾਰੀ ਹੋਵੇਗਾ।

Leave a Reply

Your email address will not be published. Required fields are marked *