ਲੁਧਿਆਣਾ – ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਅਮਰਿਦਰ ਸਿੰਘ ਰਾਜਾ ਵੜਿੰਗ ਵੱਲੋਂ ਜਨਤਾ ਦੀਆਂ ਸਮੱਸਿਆਵਾਂ ਸੁਣਨ ਦੇ ਉਦੇਸ਼ ਨਾਲ ਸ਼ੁੱਕਰਵਾਰ ਨੂੰ ਬੱਚਤ ਭਵਨ ਸਥਿਤ ਆਪਣੇ ਨਵੇਂ ਦਫਤਰ ’ਚ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਨਾਲ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਕੁਲਦੀਪ ਵੈਦ, ਸਿਮਰਜੀਤ ਬੈਂਸ, ਬਲਵਿੰਦਰ ਬੈਂਸ, ਜਗਤਾਰ ਜੱਗਾ, ਜ਼ਿਲਾ ਪ੍ਰਧਾਨ ਸੰਜੇ ਤਲਵਾੜ ਤੋਂ ਇਲਾਵਾ ਸੀਨੀਅਰ ਨੇਤਾ ਮੌਜੂਦ ਰਹੇ, ਉਥੇ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦੇ ਨਦਾਰਦ ਰਹਿਣ ਨਾਲ ਇਕ ਵਾਰ ਫਿਰ ਤੋਂ ਗੁੱਟਬਾਜ਼ੀ ਦੇਖਣ ਨੂੰ ਮਿਲੀ ਹੈ।

ਇਸ ਤੋਂ ਪਹਿਲਾਂ ਵੀ ਬੀਤੇ ਦਿਨੀਂ ਆਸ਼ੂ ਦੇ ਲੁਧਿਆਣਾ ’ਚ ਲੱਗੇ ਹੋਰਡਿੰਗਸ ’ਚ ਰਾਜਾ ਵੜਿੰਗ ਦੀ ਫੋਟੋ ਨਹੀਂ ਲਗਾਈ ਗਈ ਸੀ, ਜਿਸ ਦੀ ਚਰਚਾ ਵੀ ਰਾਜਨੀਤਕ ਗਲਿਆਰਿਆਂ ’ਚ ਕਈ ਦਿਨਾਂ ਤੱਕ ਚੱਲਦੀ ਰਹੀ ਅਤੇ ਅੱਜ ਫਿਰ ਤੋਂ ਆਸ਼ੂ ਤੇ ਰਾਜਾ ਵੜਿੰਗ ਦੇ ਵਿਵਾਦ ਨੂੰ ਜੱਗ ਜ਼ਾਹਿਰ ਕਰ ਗਿਆ। 

ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਪ੍ਰਬੰਧਨ ਸਬੰਧੀ ਜਾਇਜ਼ਾ ਲਿਆ। ਵੜਿੰਗ ਨੇ ਤੁਰੰਤ ਐੱਸ. ਐੱਮ. ਓ. ਨੂੰ ਬੁਲਾ ਕੇ ਸੁਵਿਧਾਵਾਂ ਦੀ ਕਮੀ, ਬੁਨਿਆਦੀ ਢਾਂਚੇ ਅਤੇ ਇਕ ਹੀ ਬਿਸਤਰ ’ਤੇ ਇਕ ਤੋਂ ਜ਼ਿਆਦਾ ਮਰੀਜ਼ਾਂ ਨੂੰ ਰੱਖਣ ਦੀ ਪ੍ਰੇਸ਼ਾਨ ਕਰਨ ਵਾਲੀ ਪ੍ਰਥਾ ਵਰਗੇ ਮੁੱਦਿਆਂ ਬਾਰੇ ਪੁੱਛਗਿੱਛ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ਇਸ ਲਈ ਆਇਆ ਹਾਂ ਕਿਉਂਕਿ ਲੁਧਿਆਣਾ ’ਚ ਸਿਹਤ ਸੁਵਿਧਾਵਾਂ ਨੂੰ ਯਕੀਨੀ ਕਰਨਾ ਮੇਰਾ ਫਰਜ਼ ਹੈ। 

ਜਲੰਧਰ ‘ਚ ਮਿਲੀ ਹਾਰ ਦੀ ਲਈ ਜ਼ਿੰਮੇਵਾਰੀ

ਜਲੰਧਰ ਵੈਸਟ ਉਪ ਚੋਣ ’ਚ ਕਾਂਗਰਸ ਦੀ ਹਾਰ ਨੂੰ ਲੈ ਕੇ ਆਸ਼ੂ ਨੇ ਰਾਜਾ ਵੜਿੰਗ ’ਤੇ ਸਵਾਲ ਚੁੱਕੇ ਸਨ। ਸੰਸਦ ਰਾਜਾ ਵੜਿੰਗ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਪ੍ਰਧਾਨ ਦੇ ਤੌਰ ’ਤੇ ਜਲੰਧਰ ’ਚ ਹੋਈ ਹਾਰ ਦੀ ਜ਼ਿੰਮੇਦਾਰੀ ਲੈਂਦੇ ਹਨ। ਆਸ਼ੂ ਦੇ ਇਸ ਬੈਠਕ ’ਚ ਸ਼ਾਮਲ ਹੋਣ ’ਤੇ ਉਨ੍ਹਾਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ।

Leave a Reply

Your email address will not be published. Required fields are marked *