ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਅਹੁਦੇ ਦੀ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੇ ਸਹੁੰ ਚੁੱਕਵਾਈ। ਇਸ ਦੌਰਾਨ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਇਸ ਦੌਰਾਨ ਜਿੱਥੇ CM ਮਾਨ ਨੇ ਗਲ ਲੱਗ ਕੇ ਕਟਾਰੀਆ ਨੂੰ ਵਧਾਈ ਦਿੱਤੀ, ਉੱਥੇ ਹੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗੁਲਾਬ ਚੰਦ ਕਟਾਰੀਆ ਦੇ ਪੈਰੀਂ ਹੱਥ ਲਗਾ ਕੇ ਅਸ਼ੀਰਵਾਦ ਲਿਆ। ਗੁਲਾਬ ਚੰਦ ਕਟਾਰੀਆ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਲਾਬ ਚੰਦ ਬਹੁਤ ਹੀ ਅਨੁਭਵੀ ਨੇਤਾ ਹਨ ਅਤੇ 8 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਇਕ ਵਾਰ ਐੱਮ. ਪੀ. ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਕੋਲ ਬੇਹੱਦ ਤਜ਼ਰਬਾ ਹੈ। ਅੱਜ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਹੈ। ਮੈਨੂੰ ਲੱਗਦਾ ਹੈ ਕਿ ਉਹ ਪੰਜਾਬ ਦੇ ਲਈ ਬੇਹੱਦ ਯੋਗ ਨੇਤਾ ਹਨ।
ਦੱਸਣਯੋਗ ਹੈ ਕਿ ਮੌਜੂਦਾ ਸਮੇਂ ‘ਚ ਗੁਲਾਬ ਚੰਦ ਕਟਾਰੀਆ ਆਸਾਮ ਦੇ ਰਾਜਪਾਲ ਹਨ। ਆਸਾਮ ਦੇ ਰਾਜਪਾਲ ਬਣਨ ਤੋਂ ਪਹਿਲਾਂ ਉਹ ਰਾਜਸਥਾਨ ਦੇ ਵਿਧਾਨ ਸਭਾ ਹਲਕਾ ਉਦੇਪੁਰ ਤੋਂ ਵਿਧਾਇਕ ਸਨ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ। ਰਾਜਸਥਾਨ ਵਿੱਚ ਉਨ੍ਹਾਂ ਨੂੰ ਮੇਵਾੜ ਦੇ 28 ਹਲਕਿਆਂ ‘ਚ ਵੱਡੇ ਆਗੂ ਮੰਨਿਆ ਜਾਂਦਾ ਹੈ। ਉਹ ਭਾਜਪਾ ਵਿੱਚ ਰਾਜਸਥਾਨ ਦੀ ਮੁੱਖ ਮੰਤਰੀ ਰਹੇ ਵਸੁੰਧਰਾ ਰਾਜੇ ਸਿੰਧੀਆ ਦੇ ਵਿਰੋਧੀ ਖੇਮੇ ਦੇ ਆਗੂ ਮੰਨੇ ਜਾਂਦੇ ਹਨ। ਆਸਾਮ ਸਰਕਾਰ ਦੀ ਵੈੱਬਸਾਇਟ ਉੱਤੇ ਰਾਜਪਾਲ ਵਜੋਂ ਉਨ੍ਹਾਂ ਬਾਰੇ ਉੁਪਲੱਬਧ ਜਾਣਕਾਰੀ ਮੁਤਾਬਕ 1980 ਤੋਂ 1985 ਦੌਰਾਨ ਵਿਧਾਇਕ ਵਜੋਂ ਆਪਣੇ ਦੂਜੇ ਕਾਰਜਕਾਲ ਦੌਰਾਨ ਉਹ ਵਿਧਾਨ ਸਭਾ ਦੀ ਐਸਟੀਮੇਟਸ ਕਮੇਟੀ ਦੇ ਮੈਂਬਰ ਰਹੇ। 1989 ਤੋਂ 1991 ਤੱਕ ਉਹ ਲੋਕ ਸਭਾ ਮੈਂਬਰ ਚੁਣੇ ਗਏ ਅਤੇ ਇਸ ਵਾਰ ਉਨ੍ਹਾਂ ਨੂੰ ਲੋਕ ਸਭਾ ਦੀ ਲੋਕ ਲੇਖਾ ਕਮੇਟੀ ਦੇ ਮੈਂਬਰ ਬਣਾਇਆ ਗਿਆ। ਇਸ ਤੋਂ ਇਲਾਵਾ ਉਹ ਲੋਕ ਸਭਾ ਦੀ ਖੇਤੀ ਸੰਬੰਧੀ ਕਮੇਟੀ ਦੇ ਮੈਂਬਰ ਵੀ ਰਹੇ।
ਜਦੋਂ 1993 ਵਿੱਚ ਉਹ ਰਾਜਸਥਾਨ ਦੀ ਦਸਵੀਂ ਵਿਧਾਨ ਸਭਾ ਵਿੱਚ ਚੁਣ ਕੇ ਆਏ ਤਾਂ ਉਨ੍ਹਾਂ ਦਾ ਸਿਆਸੀ ਕੱਦ ਬਹੁਤ ਵਧ ਗਿਆ। ਇਸ ਦੌਰਾਨ ਉਨ੍ਹਾਂ ਨੂੰ ਰਾਜਸਥਾਨ ਸਰਕਾਰ ਵਿੱਚ ਮੁੱਢਲੀ ਅਤੇ ਐਲੀਮੈਂਟਰੀ ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ। ਉਹ 1998 ਤੱਕ ਇਸ ਅਹੁਦੇ ਉੱਤੇ ਰਹੇ। 1998 ‘ਚ ਜਦੋਂ 11ਵੀਂ ਰਾਜਸਥਾਨ ਵਿਧਾਨ ਸਭਾ ਦੀ ਚੋਣ ਹੋਈ ਤਾਂ ਗੁਲਾਬ ਚੰਦ ਫਿਰ ਜੇਤੂ ਹੋ ਕੇ ਪਹੁੰਚੇ।
ਇਸ ਦੌਰਾਨ ਕਾਂਗਰਸ ਦੀ ਸਰਕਾਰ ਸੀ ਅਤੇ ਉਹ ਵਿਰੋਧੀ ਧਿਰ ਦੇ ਵਿਧਾਇਕ ਸਨ। ਸਾਲ 1999 ਤੋਂ 2000 ਤੱਕ ਉਹ ਇੱਕ ਵਾਰ ਫਿਰ ਵਿਧਾਨ ਸਭਾ ਦੀ ਲੋਕ ਲੇਖਾ ਕਮੇਟੀ ਦੇ ਮੁਖੀ ਅਤੇ ਵਿਧਾਨ ਸਭਾ ਦੇ ਸਪੀਕਰ ਵੀ ਰਹੇ। ਸਾਲ 2003 ਵਿੱਚ ਜਦੋਂ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਗੁਲਾਬ ਚੰਦ ਕਟਾਰੀਆ ਜੋਕਿ ਉਦੇਪੁਰ ਤੋਂ ਹੀ ਜੇਤੂ ਹੋ ਕੇ ਪਹੁੰਚੇ ਸਨ ਤਾਂ ਉਨ੍ਹਾਂ ਨੂੰ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਅਤੇ ਗ੍ਰਹਿ ਮੰਤਰੀ ਬਣਾਇਆ ਗਿਆ। ਉਹ ਵਸੁੰਧਰਾ ਰਾਜੇ ਸਿੰਧੀਆ ਦੀ ਇਸ ਸਰਕਾਰ ਵਿੱਚ 2008 ਤੱਕ ਇਸ ਅਹੁਦੇ ਉੱਤੇ ਰਹੇ। 2008 ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਕਟਾਰੀਆ ਵਿਰੋਧੀ ਧਿਰ ਦੇ ਨੇਤਾ ਵੀ ਬਣੇ। 2013 ਵਿੱਚ ਕਟਾਰੀਆ ਸੱਤਵੀਂ ਵਾਰ ਰਾਜਸਥਾਨ ਵਿਧਾਨ ਸਭਾ ਦੇ ਮੈਂਬਰ ਬਣੇ। ਇਸ ਵਾਰ ਵੀ ਭਾਜਪਾ ਸਰਕਾਰ ਬਣੀ ਅਤੇ ਉਨ੍ਹਾਂ ਨੂੰ ਪੰਚਾਇਤੀ ਰਾਜ ਮੰਤਰੀ ਬਣਾਇਆ ਗਿਆ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਫਿਰ ਜੇਤੂ ਰਹੇ ਅਤੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਬਣਾਇਆ ਗਿਆ। ਫਿਰ ਉਨ੍ਹਾਂ ਨੂੰ ਅਸਾਮ ਦਾ ਰਾਜਪਾਲ ਲਾਇਆ ਗਿਆ ਅਤੇ ਹੁਣ ਰਾਜਪਾਲ ਵਜੋਂ ਪੰਜਾਬ ਭੇਜਿਆ ਜਾ ਰਿਹਾ ਹੈ।