ਸ਼ਿਮਲਾ- ਦੇਸ਼ ਦਾ ਸਭ ਤੋਂ ਵੱਡਾ 14 ਕਿਲੋਮੀਟਰ ਲੰਬਾ ਰੋਪਵੇਅ ਪ੍ਰਾਜੈਕਟ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ‘ਚ ਸ਼ੁਰੂ ਹੋਣ ਜਾ ਰਿਹਾ ਹੈ। ਸ਼ਿਮਲਾ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਇਹ ਵੱਡਾ ਕਦਮ ਚੁੱਕਿਆ ਗਿਆ ਹੈ। ਇਸ ਪ੍ਰਾਜੈਕਟ ਸਬੰਧੀ ਸ਼ਿਮਲਾ ‘ਚ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ‘ਚ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਉਪ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਰੋਪਵੇਅ ਦੁਨੀਆ ਦਾ ਦੂਜਾ ਅਤੇ ਭਾਰਤ ਦਾ ਸਭ ਤੋਂ ਵੱਡਾ ਰੋਪਵੇਅ ਹੋਵੇਗਾ। 1734 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਰੋਪਵੇਅ ਵਿਚ 220 ਟਰਾਲੀਆਂ ਅਤੇ 14 ਸਟਾਪੇਜ ਹੋਣਗੇ, ਜੋ ਕਿ ਤਾਰਾ ਦੇਵੀ ਨੂੰ ਪੁਰਾਣੇ ਬੱਸ ਸਟੈਂਡ ਸੰਜੌਲੀ ਅਤੇ ਹੋਰ ਖੇਤਰਾਂ ਨਾਲ ਜੋੜਨਗੇ, ਇਸ ਨਾਲ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਘਟੇਗੀ ਅਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਸਬੰਧਤ ਸਾਰੀਆਂ ਪ੍ਰਕਿਰਿਆਵਾਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਦੀ ਉਸਾਰੀ ਦਾ ਕੰਮ ਸਾਲ ਦੇ ਅਖ਼ੀਰ ਜਾਂ ਨਵੇਂ ਸਾਲ ਦੀ ਸ਼ੁਰੂਆਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ। ਇਸ ਪ੍ਰਾਜੈਕਟ ਨੂੰ 5 ਸਾਲਾਂ ‘ਚ ਪੂਰਾ ਕਰਨ ਦੀ ਯੋਜਨਾ ਹੈ। ਸੈਮੀਨਾਰ ਵਿਚ ਸੀ. ਪੀ. ਐਸ ਸੁੰਦਰ ਠਾਕੁਰ, ਵਿਧਾਇਕ ਹਰੀਸ਼ ਜਨਾਰਥਾ, ਮੇਅਰ ਸੁਰਿੰਦਰ ਚੌਹਾਨ ਅਤੇ ਪ੍ਰਾਜੈਕਟਾਂ ਨਾਲ ਸਬੰਧਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *