ਜਲੰਧਰ/ਗੋਰਾਇਆ — ਜਲੰਧਰ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਕਹਿਰ ਵੱਧਣ ਲੱਗ ਗਿਆ ਹੈ। ਰੋਜ਼ਾਨਾ ਜੋ ਕੇਸ ਸਾਹਮਣੇ ਆ ਰਹੇ ਹਨ, ਉਹ ਪਿਛਲੇ ਦਿਨਾਂ ਦੇ ਮੁਕਾਬਲੇ 15 ਤੋਂ 20 ਫ਼ੀਸਦੀ ਵੱਧ ਹੁੰਦੇ ਹਨ। ਜਲੰਧਰ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਇਕ ਵਾਰ ਫਿਰ ਤੋਂ ਵੱਡੀ ਗਿਣਤੀ ’ਚ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦੇ 81 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ’ਚ ਸਕੂਲਾਂ ਦੇ 17 ਬੱਚੇ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਜੋ 81 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਉਨ੍ਹਾਂ ’ਚੋਂ ਕੁਝ ਕੇਸ ਦੂਜੇ ਜ਼ਿਲ੍ਹਿਆਂ ਨਾਲ ਵੀ ਸਬੰਧਤ ਹਨ। ਸਾਹਮਣੇ ਆਏ ਪਾਜ਼ੇਟਿਵ ਕੇਸਾਂ ਵਿਚ ਮੈਰੀਟੋਰੀਅਸ ਸਕੂਲ ਦੇ 7 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਦਕਿ ਗੋਰਾਇਆ ਦੇ ਨੇੜਲੇ ਪਿੰਡ ਢੇਸੀਆਂ ਕਾਹਨਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 11 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਮਿਲੇ ਹਨ। ਸਕੂਲਾਂ ਵਿਚ ਦੋ ਦਿਨ ਪਹਿਲਾਂ ਹੀ ਟੈਸਟ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਤੋਂ ਬਾਅਦ ਵੱਡੀ ਗਿਣਤੀ ’ਚ ਵਿਦਿਆਰਥੀ ਪਾਜ਼ੇਟਿਵ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਇਸ ’ਚ ਸਰਕਾਰੀ ਸਕੂਲਾਂ ਦਾ ਡਾਟਾ ਹੀ ਸਾਹਮਣੇ ਆਇਆ ਹੈ। ਇਨ੍ਹਾਂ ਆਏ ਕੇਸਾਂ ਵਿਚ 8 ਸਾਲ ਦਾ ਬੱਚਾ ਵੀ ਸ਼ਾਮਲ ਹੈ।
ਅੱਜ ਆਏ ਪਾਜ਼ੇਟਿਵ ਕੇਸਾਂ ਵਿਚ ਅਜੀਤ ਨਗਰ ਦੇ ਇਕ ਹੀ ਪਰਿਵਾਰ ਦੇ 3 ਮੈਂਬਰ, ਅਰਬਨ ਅਸਟੇਟ ਫੇਜ਼-1 ਦੇ ਇਕ ਪਰਿਵਾਰ ਦੇ ਤਿੰਨ ਮੈਂਬਰ, ਇਕ ਹੋਰ ਪਰਿਵਾਰ ਦੇ ਦੋ ਹੋਰ ਕੇਸ ਸ਼ਾਮਲ ਹਨ। ਅੱਜ ਆਏ ਕੇਸਾਂ ਵਿਚ ਜੀ.ਟੀ.ਬੀ. ਨਗਰ ਮਕਸੂਦਾਂ, ਰਵਿਦਾਸ ਨਗਰ, ਮਾਡਲ ਟਾਊਨ, ਗ੍ਰੇਟਰ ਕੇਲਾਸ਼, ਮਾਈ ਹੀਰਾ ਗੇਟ, ਸੂਰਿਆ ਇਨਕਲੇਵ, ਰਣਜੀਤ ਨਗਰ, ਨਿਊ ਗਣੇਸ਼ ਨਗਰ ਰਾਮਾਮੰਡੀ, ਗੋਪਾਲ ਨਗਰ, ਸ਼ਾਹਕੋਟ ਆਦਿ ਇਲਾਕਿਆਂ ਦੇ ਲੋਕ ਸ਼ਾਮਲ ਹਨ।