ਮੋਗਾ: ਪੰਜਾਬ ਵਿਚ ਲੱਖਾਂ ਦੀ ਤਾਦਾਦ ’ਚ ਬੇਰੋਜ਼ਗਾਰ ਘੁੰਮ ਰਹੇ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਦੀ ਸੂਚੀ ਦਿਨੋਂ-ਦਿਨ ਲੰਮੀ ਹੁੰਦੀ ਜਾ ਰਹੀ ਹੈ। ਸਾਡੀ ਸਰਕਾਰ ਵੀ ਇਸ ਬੇਰੋਜ਼ਗਾਰੀ ਦੀ ਗੰਭੀਰ ਸਮੱਸਿਆ ਦਾ ਹੱਲ ਕਰਨ ’ਚ ਸਫ਼ਲ ਨਹੀਂ ਹੋਈ ਅਤੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਖੋਖਲੇ ਬਿਆਨ ਸਿੱਧ ਹੋ ਰਹੇ ਹਨ। ਮਹਿੰਗੀਆਂ ਪੜ੍ਹਾਈਆਂ ’ਤੇ ਆਪਣੇ ਮਾਪਿਆਂ ਦੇ ਲੱਖਾਂ ਰੁਪਏ ਖਰਚ ਕਰਵਾ ਕੇ ਵੀ ਨੌਕਰੀਆਂ ਦੀ ਤਲਾਸ਼ ਲਈ ਮੁੰਡੇ-ਕੁੜੀਆਂ ਆਪਣੇ ਹੱਥਾਂ ’ਚ ਡਿੱਗਰੀਆਂ ਚੁੱਕੀ ਫਿਰਦੇ ਹਨ। ਕਈਆਂ ਦੀ ਉਮਰ ਲੰਘ ਗਈ ਹੈ ਅਤੇ ਕਈਆਂ ਦੀ ਲੰਘਣ ਵਾਲੀ ਹੈ। ਆਖਿਰ ਥੱਕ-ਹਾਰ ਕੇ ਆਪਣੇ ਖਰਚੇ ਜੋਗਾ ਜੁਗਾੜ ਲਾਉਣ ਲਈ ਪੰਜਾਬ ਦੀਆਂ ਕਈ ਨੌਜਵਾਨ ਮੁਟਿਆਰਾਂ ਨੇ ਆਪਣੇ ਆਪ ਨੂੰ ਮੈਰਿਜ ਪੈਲੇਸਾਂ ’ਚ ਗਰਲਜ਼ ਵੇਟਰ ਦੇ ਕੰਮ ’ਤੇ ਲਾ ਲਿਆ ਹੈ।

ਸ਼ਹਿਰ ਮੋਗਾ ਦੇ ਨੇੜਲੇ ਇਕ ਮੈਰਿਜ ਪੈਲੇਸ ’ਚ ਆਪਣੇ ਹੋਰਨਾਂ ਸਾਧਨਾਂ ਨਾਲ ਸ਼ਰਾਬ ਸਰਵ ਕਰ ਰਹੀ ਰੂਬੀ (ਅਸਲੀ ਨਾਂ ਨਹੀਂ) ਨੂੰ ਜਦੋਂ ਇਸ ਕੰਮ ਨੂੰ ਚੁਣਨ ਦੀ ਮਜਬੂਰੀ ਬਾਰੇ ਪੁੱਛਿਆ ਤਾਂ ਮੁਟਿਆਰ ਨੇ ਦੱਸਿਆ ਕਿ 12ਵੀਂ ਤਕ ਪੜ੍ਹਾਈ ਕਰਨ ਤੋਂ ਉਪਰੰਤ ਪੰਜ ਸਾਲ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾ ਮਿਲਣ ਕਾਰਣ ਉਨ੍ਹਾਂ ਨੇ ਆਪਣੇ ਪਿੰਡ ਦੇ ਅਨਪੜ੍ਹ ਵੇਟਰਾਂ ਤੋਂ ਪ੍ਰੇਰਿਤ ਹੋ ਕੇ ਆਪਣੀਆਂ ਕੁਝ ਹੋਰ ਬੇਰੋਜ਼ਗਾਰ ਸਾਧਨਾ ਨਾਲ ਰਲ ਕੇ ਇਹ ਕੰਮ ਕਰਨਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਘਰ ਬੈਠ ਕੇ ਮਾਪਿਆਂ ’ਤੇ ਹੋਰ ਬੋਝ ਬਣਨ ਦੀ ਬਜਾਏ ਮਹੀਨੇ ’ਚ 10-15 ਦਿਨ ਇਹ ਕੰਮ ਤਕਰੀਬਨ 1200 ਰੁਪਏ ਦਿਹਾੜੀ ਤੇ ਸਮੇਤ ਰੋਟੀ ਪਾਣੀ ਮਿਲ ਜਾਂਦਾ ਹੈ। ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਅਤੇ ਬੁੱਢੇ ਮਾਂ-ਬਾਪ ਦੀ ਦਵਾ ਦਾਰੂ ਵੀ ਚੱਲ ਜਾਂਦੀ ਹੈ।

Leave a Reply

Your email address will not be published. Required fields are marked *