ਜਲੰਧਰ — ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਦਿਹਾੜਾ ਅੱਜ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸੇ ਸਬੰਧ ’ਚ ਮਹਾਨਗਰ ਜਲੰਧਰ ਸ਼ਹਿਰ ’ਚ ਜਿੱਥੇ ਬੂਟਾ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ, ਉਥੇ ਹੀ ਵੱਖ-ਵੱਖ ਗੁਰਦੁਆਰਿਆਂ ’ਚ ਵੀ ਸ਼ਰਧਾ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਸੰਗਤਾਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਦੌਰਾਨ ਸੰਗਤਾਂ ਲਈ ਗੁਰੂ ਦੇ ਲੰਗਰ ਵੀ ਲਗਾਏ ਗਏ। 

ਧਾਰਮਿਕ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਵਿਸ਼ੇਸ਼ ਸਬੰਧ ਰੱਖਦਾ ਹੈ। ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਸਥਾਨ ਖ਼ੁਰਾਲਗੜ੍ਹ ਸਾਹਿਬ ਦਾ ਨਿਰਮਾਣ 1515 ਵਿਚ ਰਾਜਾ ਬੈਣ ਸਿੰਘ ਨੇ ਕਰਵਾਇਆ ਸੀ। ਦੱਸਿਆ ਜਾਂਦਾ ਹੈ ਕਿ ਇਥੇ ਗੁਰੂ ਜੀ ਚਾਰ ਸਾਲ 2 ਮਹੀਨੇ ਅਤੇ 11 ਦਿਨ ਰਹੇ।

ਇਥੇ ਪੂਰੇ ਪੰਜਾਬ ਤੋਂ ਸੰਗਤ ਹਰ ਸਾਲ ਮੱਥਾ ਟੇਕਣ ਆਉਂਦੀ ਹੈ। ਇਥੇ ਪੰਜਾਬ ਸਰਕਾਰ ਨੇ 2016 ’ਚ ਮੀਨਾਰ-ਏ-ਬੇਗਮਪੁਰਾ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ। ਇਸ ਦੀ ਲਾਗਤ 117 ਕਰੋੜ ਹੈ। ਇਸ ਮੀਨਾਰ ਦੇ ਕੋਲ ਅਜਿਹੇ ਹਾਲ ਦਾ ਵੀ ਨਿਰਮਾਣ ਹੋ ਰਿਹਾ ਹੈ, ਜਿੱਥੇ 10 ਹਜ਼ਾਰ ਲੋਕ ਬੈਠ ਸਕਣਗੇ। ਹਾਲਾਂਕਿ ਇਸ ਦਾ ਨਿਰਮਾਣ ਕਰਨ ’ਚ ਥੋੜ੍ਹੀ ਦੇਰੀ ਹੋਈ, ਕੰਮ ਨੂੰ ਕਈ ਵਾਰ ਬੰਦ ਵੀ ਕੀਤਾ ਗਿਆ ਪਰ ਇਸ ਸਾਲ ਪੂਰਾ ਕਰਨ ਦਾ ਮਕਸਦ ਹੈ। ਗੁਰੂ ਰਵਿਦਾਸ ਜੀ ਨੇ ਇਥੇ ਰਹਿੰਦੇ ਹੋਏ ਬਾਣੀ ਦੇ ਕਈ ਸ਼ਬਦ ਰਚੇ। 

ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ। ਫੇਸਬੁੱਕ ਪੇਜ਼ ਉਤੇ ਕੈਪਟਨ ਨੇ ਲਿਖਦੇ ਹੋਏ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ।

Leave a Reply

Your email address will not be published. Required fields are marked *