ਬਠਿੰਡਾ : ਕੋਰੋਨਾ ਨੇ ਬਠਿੰਡਾ ਜ਼ਿਲ੍ਹੇ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਖਾਸ ਕਰਕੇ ਕੋਰੋਨਾ ਦਾ ਹਮਲਾ ਸਰਕਾਰੀ ਸਕੂਲਾਂ ’ਤੇ ਵੇਖਣ ਲਈ ਮਿਲ ਰਿਹਾ ਹੈ। ਦੋ ਸਰਕਾਰੀ ਸਕੂਲਾਂ ਵਿਚ ਕੋਰੋਨਾ ਦੇ ਹਮਲੇ ਬਾਅਦ ਹੁਣ ਬਠਿੰਡਾ ਸ਼ਹਿਰ ਦੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਗਰਲਜ਼ ਸਕੂਲ ਦੀਆਂ 10 ਮਹਿਲਾ ਅਧਿਆਪਕਾਵਾਂ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ ਜਿਸ ਤੋਂ ਬਾਅਦ ਸਕੂਲ ਵਿਚ ਹੜਕੰਪ ਮੱਚਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੀਆਂ 23 ਮਹਿਲਾ ਅਧਿਆਪਕਾਂ ਦੇ ਸੈਂਪਲ ਲਏ ਗਏ ਸਨ ਜਿੰਨ੍ਹਾਂ ਵਿੱਚੋਂ 10 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿੱਖਿਆ ਅਧਿਕਾਰੀਆਂ ਦਾ ਕਹਿਣਾ ਸੀ ਕਿ ਅੱਜ ਹੀ ਕੋਰੋਨਾ ਰਿਪੋਰਟ ਆਈ ਜਿਸ ਵਿਚ ਸਕੂਲ ਦੀਆਂ ਦਸ ਅਧਿਆਪਕਾਵਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਡਿਪਟੀ ਕਮਿਸ਼ਨਰ ਤੋਂ ਇਲਾਵਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ ਅਤੇ ਅਗਲੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿੰਡ ਕਟਾਰ ਸਿੰਘ ਵਾਲਾ ਦੇ ਕਰੀਬ ਇਕ ਦਰਜਨ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਜਿਸ ਤੋਂ ਬਾਅਦ ਕੁੱਝ ਦਿਨਾਂ ਲਈ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਸੀ।