ਅੰਮ੍ਰਿਤਸਰ/ਲੋਪੋਕੇ – ਜ਼ਹਿਰਲੀ ਸ਼ਰਾਬ ਬਣਾਉਣ ਵਾਲਿਆਂ ’ਤੇ ਸਫ਼ਲਤਾ ਪ੍ਰਾਪਤ ਕਰਦੇ ਹੋਏ ਬਾਰਡਰ ਰੇਂਜ ਪੁਲਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝਾ ਛਾਪੇਮਾਰੀ ਦੌਰਾਨ 1 ਲੱਖ 9 ਹਜ਼ਾਰ ਲਿਟਰ ਨਾਜਾਇਜ਼ ਸ਼ਰਾਬ (ਲਾਹਣ) ਬਰਾਮਦ ਕੀਤੀ ਹੈ। ਇਸ ਦੇ ਨਾਲ 1780 ਲਿਟਰ ਜ਼ਹਿਰੀਲਾ ਐਸਿਡ ਬਰਾਮਦ ਕੀਤਾ ਹੈ, ਜਿਸ ਨਾਲ ਅਜਿਹੀ ਸ਼ਰਾਬ ਬਣਦੀ ਹੈ, ਜੋ ਜਾਨਲੇਵਾ ਹੁੰਦੀ ਹੈ। ਇਸ ਛਾਪੇਮਾਰੀ ਦੌਰਾਨ 6 ਚਾਲੂ ਭੱਠੀਆਂ, 62 ਡਰੰਮ 200 ਲਿਟਰ, 6 ਐੱਲ. ਪੀ. ਜੀ. ਸਿਲੰਡਰ, 31 ਪਲਾਸਟਿਕ ਕੈਨ, 2 ਵਾਟਰ ਟੈਂਕ 500 ਲਿਟਰ, 10 ਵੱਡੀ ਸ਼ਰਾਬ ਸਟੋਰ ਕਰਨ ਵਾਲੀ ਤਰਪਾਲ ਅਤੇ ਹੋਰ ਇਤਰਾਜ਼ਯੋਗ ਮਟੀਰੀਅਲ ਬਰਾਮਦ ਕੀਤਾ ਹੈ। ਜੇਕਰ ਵਿਭਾਗ ਐਨ ਮੌਕੇ ’ਤੇ ਇਸ ਦਾ ਪਰਦਾਫਾਸ਼ ਨਾ ਕਰਦਾ ਤਾਂ ਇਹ ਤਿਆਰ ਕੀਤਾ ਗਿਆ ਮਾਲ ਸ਼ਹਿਰਾਂ ਅਤੇ ਪੇਂਡੂ ਖੇਤਰਾਂ ’ਚ ਪਹੁੰਚ ਸਕਦਾ ਸੀ। ਅਜਿਹਾ ਸਮਝਿਆ ਜਾਂਦਾ ਹੈ ਕਿ ਬੀਤੇ ਕਈ ਸਾਲਾਂ ’ਚ ਇੰਨ੍ਹਾ ਵੱਡਾ ਨਾਜਾਇਜ਼ ਸ਼ਰਾਬ ਦੇ ਵਿਰੁੱਧ ਕੋਈ ਆਪ੍ਰੇਸ਼ਨ ਨਹੀਂ ਹੋਇਆ।
ਇਹ ਵੀ ਪੜੋ
ਥਾਣਾ ਲੋਪੋਕੇ ਖੇਤਰ ’ਚ ਆਯੋਜਿਤ ਇਕ ਪੱਤਰਕਾਰ ਸੰਮੇਲਨ ਦੌਰਾਨ ਇਸ ਦਾ ਖੁਲਾਸਾ ਕਰਦੇ ਹੋਏ ਡਿਪਟੀ ਕਮਿਸ਼ਨਰ ਐਕਸਾਈਜ਼ ਜਸਪਿੰਦਰ ਸਿੰਘ ਨੇ ਦੱਸਿਆ ਕਿ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਪੰਜਾਬ ਰਜਤ ਅਗਰਵਾਲ, ਆਈ. ਜੀ. ਬਾਰਡਰ ਰੇਂਜ ਸੁਰਿੰਦਰ ਪਾਲ ਸਿੰਘ ਪਰਮਾਰ, ਆਈ. ਜੀ. ਐਕਸਾਈਜ ਮੋਹਨੀਸ਼ ਚਾਵਲਾ, ਨਰੇਸ਼ ਦੁਬੇ ਜਵਾਇੰਟ ਕਮਿਸ਼ਨਰ ਐਕਸਾਈਜ਼ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ ’ਚ ਇਸ ਆਪ੍ਰੇਸ਼ਨ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇਸ ’ਚ ਐੱਸ. ਐੱਸ. ਪੀ. ਦਿਹਾਤੀ ਧਰੁਵ ਦਹੀਆ, ਐੱਸ. ਪੀ. ਸ਼ੈਲੇਂਦਰ ਸਿੰਘ ਸ਼ੈਲੀ, ਸਹਾਇਕ ਕਮਿਸ਼ਨਰ ਐਕਸਾਈਜ਼ ਅਵਤਾਰ ਸਿੰਘ ਕੰਗ, ਐਕਸਾਈਜ਼ ਅਧਿਕਾਰੀ ਸੁਖਜੀਤ ਸਿੰਘ, ਮੈਡਮ ਰਾਜਵਿੰਦਰ ਕੌਰ ਅਤੇ ਹੋਰ ਅਧਿਕਾਰੀਆਂ ਦੀ ਅਗਵਾਈ ’ਚ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਇਸ ’ਚ ਅਧਿਕਾਰੀਆਂ ਨੂੰ ਇਨਪੁਟ ਸੀ ਕਿ ਖ਼ਤਰਨਾਕ ਐਸਿਡ ਤੋਂ ਜ਼ਹਿਰਲੀ ਸ਼ਰਾਬ ਖਿਆਲਾ ਕਲਾਂ ਪਿੰਡ ’ਚ ਤਿਆਰ ਕੀਤੀ ਜਾਂਦੀ ਹੈ।
ਇਸ ਸਬੰਧੀ ਸੂਚਨਾ ਮਿਲੀ ਕਿ ਕੁਲਦੀਪ ਸਿੰਘ ਪੁੱਤਰ ਸੁੱਚਾ ਸਿੰਘ, ਸਤਨਾਮ ਸਿੰਘ ਪੁੱਤਰ ਮੱਸਾ ਸਿੰਘ, ਰਵਿੰਦਰ ਸਿੰਘ ਪੁੱਤਰ ਬੂਟਾ ਸਿੰਘ, ਧਰਮਵੀਰ ਸਿੰਘ ਪੁੱਤਰ ਰਵਿੰਦਰ ਸਿੰਘ, ਹਰਿੰਦਰ ਸਿੰਘ ਪੁੱਤਰ ਅਵਤਾਰ ਸਿੰਘ, ਸੁਖਵਿੰਦਰ ਕੌਰ ਪਤਨੀ ਹਰਪਾਲ ਸਿੰਘ, ਪ੍ਰੀਤੀ ਪਤਨੀ ਮਨਦੀਪ ਸਿੰਘ, ਸਿਮਰਨਜੀਤ ਕੌਰ ਪਤਨੀ ਗੁਰਦਿਆਲ ਸਿੰਘ ਅਤੇ ਹੋਰ ਲੋਕ ਵੱਡੇ ਪੱਧਰ ’ਤੇ ਜ਼ਹਿਰਲੀ ਸ਼ਰਾਬ ਬਣਾਉਂਦੇ ਹਨ। ਇਸ ਸ਼ਰਾਬ ਨੂੰ ਇਲਾਕੇ ਦੇ ਕਈ ਕਿਲੋਮੀਟਰ ਦੂਰ ਆਲੇ-ਦੁਆਲੇ ਇਲਾਕਿਆਂ ’ਚ ਭੇਜਦੇ ਹਨ। ਇੱਥੋਂ ਤੱਕ ਕਿ ਅੰਮ੍ਰਿਤਸਰ, ਤਰਨਤਾਰਨ ਤੇ ਗੁਰਦਾਸਪੁਰ ਵਰਗੇ ਇਲਾਕਿਆਂ ’ਚ ਵੀ ਇਸ ਜ਼ਹਿਰਲੀ ਸ਼ਰਾਬ ਦੀ ਸਪਲਾਈ ਹੁੰਦੀ ਹੈ। ਸੂਚਨਾ ’ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਆਬਕਾਰੀ ਅਧਿਕਾਰੀਆਂ ਦੇ ਨਾਲ ਆਪ੍ਰੇਸ਼ਨ ਦੀ ਸ਼ੁਰੂਆਤ ਕੀਤੀ ਤਾਂ ਇਸ ’ਚ ਵੱਡੀ ਬਰਾਮਦਗੀ ਹੋਈ। ਅੱਜ ਸਵੇਰੇ 5 ਵਜੇ ਸ਼ੁਰੂ ਹੋਏ ਇਸ ਆਪ੍ਰੇਸ਼ਨ ’ਚ ਪੁਲਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ 2 ਦਰਜਨ ਤੋਂ ਜਿਆਦਾ ਘਰਾਂ ਦੀ ਤਲਾਸ਼ੀ ਲਈ। 7 ਘੰਟੇ ਤੱਕ ਚਲੇ ਇਸ ਆਪ੍ਰੇਸ਼ਨ ’ਚ ਇਸ ਵੱਡੀ ਬਰਾਮਦਗੀ ’ਚ ਸਫ਼ਲਤਾ ਮਿਲੀ।