ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ। ਮੁੱਖ ਮੰਤਰੀ ਕੇਜਰੀਵਾਲ, ਲੋਕ ਨਾਰਾਇਣ ਜੈ ਪ੍ਰਕਾਸ਼ (ਐੱਲ. ਐੱਨ. ਜੇ. ਪੀ.) ਹਸਪਤਾਲ ’ਚ ਵੈਕਸੀਨ ਲਗਵਾਉਣ ਲਈ ਪੁੱਜੇ, ਉਨ੍ਹਾਂ ਨੂੰ ਕੋਵੀਸ਼ੀਲਡ ਵੈਕਸੀਨ ਲਗਾਈ ਗਈ। ਕੇਜਰੀਵਾਲ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਾਈ ਗਈ। ਅਧਿਕਾਰੀਆਂ ਮੁਤਾਬਕ 52 ਸਾਲਾ ਕੇਜਰੀਵਾਲ ਸ਼ੂਗਰ ਤੋਂ ਪੀੜਤ ਹਨ, ਇਸ ਲਈ ਉਨ੍ਹਾਂ ਨੂੰ ਵੀ ਵੈਕਸੀਨ ਦਿੱਤੀ ਗਈ ਹੈ। 

ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈਣ ਮਗਰੋਂ ਕੇਜਰੀਵਾਲੇ ਨੇ ਕਿਹਾ ਕਿ ਮੈਂ ਅਤੇ ਮੇਰੇ ਮਾਤਾ-ਪਿਤਾ ਨੇ ਐੱਲ. ਐੱਨ. ਜੇ. ਪੀ. ਹਸਪਤਾਲ ਵਿਚ ਵੈਕਸੀਨ ਲਗਵਾਈ। ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਈ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਲੋਕ ਅੱਗੇ ਆ ਕੇ ਵੈਕਸੀਨ ਲਗਵਾਉਣ, ਡਰਨ ਦੀ ਕੋਈ ਗੱਲ ਨਹੀਂ ਹੈ।

ਦੱਸਣਯੋਗ ਹੈ ਕਿ ਕੋਰੋਨਾ ਵੈਕਸੀਨ ਦੇ ਦੂਜੇ ਪੜਾਅ ਵਿਚ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਅਤੇ 45 ਸਾਲ ਤੋਂ ਉੱਪਰ ਗੰਭੀਰ ਬੀਮਾਰੀਆਂ ਤੋਂ ਪੀੜਤ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਰਹੀ ਹੈ। ਦੂਜੇ ਪੜਾਅ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਸਥਿਤ ਏਮਜ਼ ਵਿਚ ਸਵੇਦਸ਼ੀ ਵੈਕਸੀਨ ‘ਕੋਵੈਕਸੀਨ’ ਲਗਵਾਈ ਸੀ। ਪ੍ਰਧਾਨ ਮੰਤਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੇਤਾ ਕੋਰੋਨਾ ਵੈਕਸੀਨ ਲਗਾ ਚੁੱਕੇ ਹਨ।

ਓਧਰ ਦਿੱਲੀ ਸਰਕਾਰ ਦੇ ਸਿਹਤ ਮਹਿਕਮੇ ਮੁਤਾਬਕ 192 ਹਸਪਤਾਲਾਂ ਵਿਚ ਟੀਕਾਕਰਨ ਲਈ 308 ਕੇਂਦਰ ਸਥਾਪਤ ਕੀਤੇ ਗਏ ਹਨ। ਦਿੱਲੀ ਦੇ ਸਿਹਤ ਮੰਤਰੀ ਸੱਤਿਯੇਂਦਰ ਜੈਨ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਜੋ ਲੋਕ ਮੁਫ਼ਤ ਵਿਚ ਟੀਕਾ ਲਗਵਾਉਣ ਦੇ ਇੱਛੁਕ ਹਨ, ਉਹ ਕੋ-ਵਿਨ ਐਪ ’ਤੇ ਰਜਿਸਟ੍ਰੇਸ਼ਨ ਤੋਂ ਬਾਅਦ ਸਰਕਾਰੀ ਹਸਪਤਾਲਾਂ ’ਚ ਜਾ ਸਕਦੇ ਹਨ। ਪ੍ਰਾਈਵੇਟ ਹਸਪਤਾਲ ਵਿਚ ਟੀਕਾਕਰਨ ਦੀ ਲਾਗਤ 250 ਰੁਪਏ ਹੈ। 

Leave a Reply

Your email address will not be published. Required fields are marked *