ਨਵੀਂ ਦਿੱਲੀ— ਦਿੱਲੀ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ’ਚ ਆਮ ਆਦਮੀ ਪਾਰਟੀ (ਆਪ) ਨੇ ਵੱਡੀ ਜਿੱਤ ਦਰਜ ਕੀਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੋਟਰਾਂ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਦਿੱਲੀ ਦੀ ਜਨਤਾ ਨੇ ਇਕ ਵਾਰ ਫਿਰ ‘ਕੰਮ ਦੇ ਨਾਮ’ ’ਤੇ ਵੋਟਾਂ ਪਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਜਨਤਾ ਨੇ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਕੰਮ ’ਤੇ ਮੋਹਰ ਲਾ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ਜਨਤਾ ਕੰਮ ਚਾਹੁੰਦੀ ਹੈ। ਐੱਮ. ਸੀ. ਡੀ. ’ਚ 15 ਸਾਲ ਦੇ ਭਾਜਪਾ ਦੇ ਸ਼ਾਸਨ ਤੋਂ ਜਨਤਾ ਪਰੇਸ਼ਾਨ ਹੋ ਚੁੱਕੀ ਹੈ। ਲੋਕ ਹੁਣ ਐੱਮ. ਸੀ. ਡੀ. ’ਚ ਵੀ ‘ਆਪ’ ਦੀ ਸਰਕਾਰ ਬਣਾਉਣ ਲਈ ਬੇਤਾਬ ਹਨ। ਜਨਤਾ ਚਾਹੁੰਦੀ ਹੈ ਜਿਸ ਤਰ੍ਹਾਂ ਦਿੱਲੀ ਸਰਕਾਰ ’ਚ ਕੰਮ ਹੁੰਦਾ ਹੈ, ਉਸੇ ਤਰ੍ਹਾਂ ਨਾਲ ਨਗਰ ਨਿਗਮ ’ਚ ਵੀ ਕੰਮ ਹੋਵੇ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਇਕ ਵੀ ਸੀਟ ਨਹੀਂ ਜਿੱਤ ਸਕੀ। ਇਸ ਤੋਂ ਪਤਾ ਲੱਗਦਾ ਹੈ ਕਿ ਜਨਤਾ ਆਮ ਆਦਮੀ ਪਾਰਟੀ ਸਰਕਾਰ ਦੇ ਕੰਮ ਤੋਂ ਬਹੁਤ ਖੁਸ਼ ਹੈ। ਹੁਣ ਜਦੋਂ 6 ਸਾਲ ਬਾਅਦ ਨਗਰ ਨਿਗਮ ਜ਼ਿਮਨੀ ਚੋਣਾਂ ਹੋਈਆਂ ਤਾਂ ਦਿੱਲੀ ਦੀ ਜਨਤਾ ਨੇ ਦੱਸ ਦਿੱਤਾ ਹੈ ਕਿ ਜਿਵੇਂ ਕੰਮ ਕਰ ਰਹੇ, ਕਰਦੇ ਰਹੋ। 

ਕੇਜਰੀਵਾਲ ਨੇ ਭਾਜਪਾ ’ਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਅੰਦਰ ਚਾਰੋਂ ਪਾਸੇ ਐੱਮ. ਸੀ. ਡੀ. ਨੇ ਗੰਦਗੀ ਫੈਲਾਅ ਰੱਖੀ ਹੈ। ਲੋਕਾਂ ਨੇ ਇਨ੍ਹਾਂ ਦੇ ਭ੍ਰਿਸ਼ਟਾਚਾਰ ਕਾਰਨ ਐੱਮ. ਸੀ. ਡੀ. ਦੀ ਫੁਲ ਫਾਰਮ (ਮੋਸਟ ਕਰਪ ਡਿਪਾਰਟਮੈਂਟ) ਰੱਖ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਜਪਾ ਵਾਲਿਆਂ ਨੇ ਜੋ 13 ਹਜ਼ਾਰ ਕਰੋੜ ਦੀ ਮੰਗ ਦਿੱਲੀ ਸਰਕਾਰ ਤੋਂ ਕਰਨ ਵਾਲੇ ਪੋਸਟਰ ਲਾਏ ਹਨ, ਉਹ ਜਨਤਾ ਨੂੰ ਪਸੰਦ ਨਹੀਂ ਆਏ, ਤਾਂ ਹੀ ਇਨ੍ਹਾਂ ਦਾ ਇਹ ਹਾਲ ਹੋਇਆ ਹੈ। ਜਨਤਾ ਚੁੱਪ-ਚਾਪ ਵੇਖਦੀ ਹੈ, ਜਦੋਂ ਬਟਨ ਦਬਾਉਣ ਦਾ ਸਮਾਂ ਆਉਂਦਾ ਹੈ, ਉਦੋਂ ਜਨਤਾ ਜਵਾਬ ਦਿੰਦੀ ਹੈ।

ਦੱਸਣਯੋਗ ਹੈ ਕਿ ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਜਿੱਤ ਦਾ ਝੰਡਾ ਲਹਿਰਾ ਲਿਆ ਹੈ। ਪਾਰਟੀ ਨੇ 5 ’ਚੋਂ 4 ਸੀਟਾਂ ਜਿੱਤੀਆਂ। ਤ੍ਰਿਲੋਕਪੁਰ, ਰੋਹਿਣੀ, ਕਲਿਆਣਪੁਰੀ ਅਤੇ ਸ਼ਾਲੀਮਾਰ ਬਾਗ ਸੀਟ ‘ਆਪ’ ਨੇ ਜਿੱਤੀ। ਜਦਕਿ ਚੌਹਾਨ ਬਾਂਗੜ ਕਾਂਗਰਸ ਨੇ ਜਿੱਤੀ। ਭਾਜਪਾ ਇਨ੍ਹਾਂ ਚੋਣਾਂ ਵਿਚ ਇਕ ਵੀ ਸੀਟ ਨਹੀਂ ਜਿੱਤ ਸਕੀ। ਦਰਅਸਲ ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ ’ਤੇ ਹੋਈਆਂ ਚੋਣਾਂ ਨੂੰ ਅਗਲੇ ਸਾਲ 2021 ’ਚ ਹੋਣ ਵਾਲੀਆਂ ਐੱਮ. ਸੀ. ਡੀ. ਚੋਣਾਂ ਦੇ ਸੈਮੀਫਾਈਨਲ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ। 

Leave a Reply

Your email address will not be published. Required fields are marked *