ਚੰਡੀਗੜ੍ਹ— ਪੰਜਾਬ ਸਰਕਾਰ ਵੱਲੋਂ ਅੱਜ ਦੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਕਾਰਜਕਾਲ ਦਾ ਆਪਣਾ ਅਖ਼ਰੀ ਬਜਟ ਪੇਸ਼ ਕੀਤਾ ਗਿਆ। ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਹਨ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਰਕਾਰੀ ਕਾਲਜਾਂ ਅਤੇ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਫ੍ਰੀ ਟਰਾਂਸਪੋਰਟ ਬੱਸਾਂ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਸਰਕਾਰੀ ਬੱਸਾਂ ’ਚ ਵਿਦਿਆਰਥੀ ਮੁਫ਼ਤ ’ਚ ਸਫ਼ਰ ਕਰ ਸਕਣਗੇ।
ਇਥੇ ਇਹ ਵੀ ਦੱਸ ਦੇਈਏ ਕਿ ਮਹਿਲਾ ਦਿਵਸ ’ਤੇ ਔਰਤਾਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਰਕਾਰੀ ਬੱਸਾਂ ’ਚ ਫਰੀ ’ਚ ਸਫ਼ਰ ਕਰਨ ਦੀ ਸੌਗਾਤ ਦਿੱਤੀ ਗਈ ਹੈ।
ਇਸ ਦੇ ਇਲਾਵਾ ਨਵਾਂਸ਼ਹਿਰ ’ਚ ਪੁਲਸ ਲਾਈਨ ਲਈ ਦੀ ਜ਼ਮੀਨ ਲਈ 13 ਕਰੋੜ ਰੁਪਏ ਰੱਖੇ ਗਏ ਹਨ। ਬਠਿੰਡਾ ’ਚ 250 ਕਰੋੜ ਦੀ ਲਾਗਤ ਨਾਲ ਵੂਮੈਨ ਸੈੱਲ ਬਣਾਈ ਜਾਵੇਗੀ। ਬਾਰਡਰ ਏਰੀਆ ’ਚ ਪਾਣੀ ਦੀਆਂ ਸਕੀਮਾਂ ਲਈ 719 ਕਰੋੜ ਰੁਪਏ ਰੱਖੇ ਗਏ ਹਨ। ਕੰਢੀ ਇਲਾਕਿਆਂ ਲਈ 100 ਕਰੋੜ ਰੁਪਏ ਰੱਖੇ ਗਏ ਹਨ। ਮਨਰੇਗਾ ਲਈ 400 ਕਰੋੜ ਰੱਖੇ ਗਏ। ਇਸ ਦੇ ਇਲਾਵਾ ਦਸੰਬਰ 2021 ਤੱਕ ਸਾਰੇ ਸ਼ਹਿਰਾਂ ’ਚ ਐੱਲ. ਈ. ਡੀ. ਲਾਈਟਾਂ ਲਗਾਉਣ ਦਾ ਵੀ ਵਿੱਤ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਹੈ।