ਲੁਧਿਆਣਾ – ਕੁਝ ਦਿਨ ਪਹਿਲਾਂ ਜਿਥੇ ਜ਼ਿਲ੍ਹਾ ਪੁਲਸ ਨੇ ਟਿੱਬਾ ਰੋਡ ਦੇ ਇਲਾਕੇ ‘ਚ ਚੱਲ ਰਹੇ ਇਕ ਅੰਤਰਰਾਜ਼ੀ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦੇ ਹੋਏ ਮੌਕੇ ਤੋਂ 10 ਦੇ ਕਰੀਬ ਜਨਾਨੀਆਂ ਅਤੇ ਮਰਦਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਥੇ ਹੀ ਇਸੇ ਤਰ੍ਹਾ ਦੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਥਾਣਾ ਮੋਤੀ ਨਗਰ ਦੀ ਪੁਲਸ ਨੇ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੀ ਆਂਟੀ ਸਮੇਤ ਤਿੰਨ ਜਨਾਨੀਆਂ ਅਤੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੋਤੀ ਨਗਰ ਇੰਚਾਰਜ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਟਿੱਬਾ ਰੋਡ ਦੀ ਰਹਿਣ ਵਾਲੀ ਇਕ ਆਂਟੀ ਘੋੜਾ ਕਲੋਨੀ ‘ਚ ਬਣੀਆਂ ਹੋਈਆਂ ਝੁੱਗੀਆਂ ‘ਚ ਪ੍ਰਵਾਸੀ ਔਰਤਾਂ ਨੂੰ ਬੁਲਾ ਕੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਹੈ।
ਇਸ ‘ਤੇ ਤੁਰੰਤ ਕਾਰਵਾਈ ਅਮਲ ‘ਚ ਲਿਆਉਂਦਿਆਂ ਜਨਾਨਾ ਪੁਲਸ ਮੁਲਾਜ਼ਮਾਂ ਦੇ ਨਾਲ ਪੁਲਸ ਟੀਮ ਨੇ ਛਾਪੇਮਾਰੀ ਕੀਤੀ ਤਾਂ ਮੌਕੇ ਤੋਂ ਪੁਲਸ ਨੇ ਗਿਰੋਹ ਦੀ ਸਰਗਣਾ ਆਂਟੀ ਰਾਣੀ, ਪ੍ਰੀਤ ਕੌਰ ਵਾਸੀ ਟਿੱਬਾ ਰੋਡ, ਡੋਲੀ ਵਾਸੀ ਗੁਰੂ ਅਰਜਨ ਦੇਵ ਨਗਰ ਅਤੇ ਕਰਨ ਸਾਹਨੀ ਵਾਸੀ ਗੁਰੂ ਅਰਜਨ ਦੇਵ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ। ਜਿਨ੍ਹਾਂ ਖ਼ਿਲਾਫ਼ ਇੰਮੋਰਲ ਟ੍ਰੈਫਿਕ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰਵਾਸੀ ਔਰਤਾਂ ਹੀ ਕੀਤੀਆਂ ਜਾਂਦੀਆਂ ਸੀ ਸਪਲਾਈ
ਥਾਣਾ ਮੁਖੀ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਧੰਦੇ ਦੀ ਸਰਗਣਾ ਆਂਟੀ ਰਾਣੀ ਪ੍ਰਵਾਸੀ ਔਰਤਾਂ ਨੂੰ ਹੀ ਧੰਦੇ ‘ਚ ਸ਼ਾਮਲ ਕਰਦੀ ਸੀ। ਉਹ ਇਹ ਪੂਰਾ ਰੈਕੇਟ ਝੁੱਗੀਆਂ ਦੇ ਵਿਚ ਹੀ ਚਲਾਉਂਦੀ ਸੀ, ਜਿਥੇ ਟ੍ਰਾਂਸਪੋਰਟ ਨਗਰ ਨਾਲ ਸਬੰਧਤ ਬਾਹਰੀ ਸੂਬਿਆਂ ਦੇ ਡਰਾਇਵਰ ਅਤੇ ਹੈਲਪਰ ਆਦਿ ਗਾਹਕਾਂ ਦੇ ਰੂਪ ‘ਚ ਪਹੁੰਚਦੇ ਸਨ। ਪੁਲਸ ਮਾਮਲੇ ‘ਚ ਡੂੰਘਾਈ ਨਾਲ ਜਾਂਚ ਕਰ ਰਹੀ ਹੈ।