ਪਟਿਆਲਾ : ਥਾਪਰ ਯੂਨੀਵਰਸਿਟੀ ਦੇ 16 ਵਿਦਿਆਰਥੀਆਂ ਤੇ ਰਜਿਸਟਰਾਰ ਸਮੇਤ ਜ਼ਿਲ੍ਹੇ ਵਿਚ 164 ਕੋਵਿਡ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਪ੍ਰਾਪਤ 2750 ਦੇ ਕਰੀਬ ਰਿਪੋਰਟਾਂ ਵਿਚੋਂ 164 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਕੁੱਲ ਮਾਮਲਿਆਂ ਦੀ ਗਿਣਤੀ 18,482 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜ਼ਿਲੇ੍ ਦੇ 72 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 16,778 ਹੋ ਗਈ ਹੈ। ਚਾਰ ਹੋਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਨਾਲ ਜ਼ਿਲ੍ਹੇ ਵਿਚ ਕੁੱਲ ਮੌਤਾਂ ਦੀ ਗਿਣਤੀ 530 ਹੋ ਗਈ ਹੈ ਅਤੇ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1089 ਹੈ।
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ 164 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 117, ਸਮਾਣਾ ਤੋਂ 01, ਰਾਜਪੁਰਾ ਤੋਂ 07, ਨਾਭਾ ਤੋਂ 08, ਬਲਾਕ ਭਾਦਸੋਂ ਤੋਂ 09, ਬਲਾਕ ਕੌਲੀ ਤੋਂ 06, ਬਲਾਕ ਕਾਲੋਮਾਜਰਾ ਤੋਂ 04, ਬਲਾਕ ਹਰਪਾਲਪੁਰ ਤੋਂ 04, ਬਲਾਕ ਸ਼ੁਤਰਾਣਾ ਤੋਂ 02 ਅਤੇ ਬਲਾਕ ਦੁਧਣ ਸਾਂਧਾਂ ਤੋਂ 06 ਕੇਸ ਰਿਪੋਰਟ ਹੋਏ ਹਨ।
ਨੋਡਲ ਅਫ਼ਸਰ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਥਾਪਰ ਯੂਨੀਵਰਸਿਟੀ ਦੇ ਕੈਂਪਸ ਵਿਚ 16 ਪਾਜ਼ੇਟਿਵ ਕੇਸ ਆਉਣ ‘ਤੇ ਕੈਂਪਸ ਦੇ ਹੋਸਟਲ ਬੀ ਅਤੇ ਐੱਮ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਪਾਜ਼ੇਟਿਵ ਕੇਸਾਂ ਦੀ ਟ੍ਰੇਸਿੰਗ ਅਜੇ ਜਾਰੀ ਹੈ। ਰਿਪੋਰਟਾਂ ਆਉਣ ‘ਤੇ ਕੰਟੇਨਮੈਂਟ ਦੇ ਏਰੀਏ ਬਾਰੇ ਮੁੜ ਵਿਚਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਂ ਪੂਰਾ ਹੋਣ ਅਤੇ ਕੋਈ ਨਵਾਂ ਕੇਸ ਨਾ ਆਉਣ ‘ਤੇ ਪ੍ਰਤਾਪ ਨਗਰ ਅਤੇ ਦੀਪ ਕਾਲੋਨੀ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ।