ਬਠਿੰਡਾ – ਸਕੂਲ ਸਿੱਖਿਆ ਵਿਭਾਗ ਵੱਲੋਂ ਨਾਨ ਬੋਰਡ ਜਮਾਤਾਂ ਦੀਆਂ ਸੋਮਵਾਰ 15 ਮਾਰਚ ਨੂੰ ਸ਼ੁਰੂ ਹੋ ਰਹੀਆਂ ਸਾਲਾਨਾ ਘਰੇਲੂ ਪ੍ਰੀਖਿਆਵਾਂ ਵੀ ਸਵੇਰ ਅਤੇ ਸ਼ਾਮ ਦੇ ਸ਼ੈਸਨ ਦੌਰਾਨ ਦੋ ਸ਼ਿਫਟਾਂ ਵਿਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਵਰਨਣਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਸੂਬੇ ਵਿਚ ਕੋਰੋਨਾ ਮਹਾਮਾਰੀ ਦੇ ਵੱਧਦੇ ਖ਼ਤਰੇ ਦੌਰਾਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਸਾਰੀਆਂ ਜਮਾਤਾਂ ਲਈ ਪ੍ਰੀਖਿਆਵਾਂ ਛੁੱਟੀਆਂ ਦਾ ਐਲਾਨ ਕਰਦਿਆਂ ਵਿਦਿਆਰਥੀਆਂ ਨੂੰ ਘਰਾਂ ਵਿਚ ਹੀ ਰਹਿ ਕੇ ਪੇਪਰਾਂ ਦੀ ਤਿਆਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਪਹਿਲੀ ਤੋਂ ਚੌਥੀ, ਛੇਵੀਂ, ਸੱਤਵੀ, ਨੌਵੀਂ ਅਤੇ ਗਿਆਰਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੀ ਇਕੱਤਰਤਾ ਘੱਟ ਕਰਨ ਲਈ ਇਨ੍ਹਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਵੀ ਇਕੱਠਿਆਂ ਲੈਣ ਦੀ ਬਜਾਏ ਸ਼ਿਫਟਾਂ ਵਿਚ ਲੈਣ ਲਈ ਵਿਭਾਗ ਵੱਲੋਂ ਮੁੜ ਤੋਂ ਸੋਧੀ ਹੋਈ ਡੇਟਸ਼ੀਟ ਜਾਰੀ ਕੀਤੀ ਗਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅੰਮ੍ਰਿਤਸਰ, ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅੰਮ੍ਰਿਤਸਰ, ਰਜੇਸ਼ ਸਰਮਾ, ਹਰਭਗਵੰਤ ਸਿੰਘ, ਰੇਖਾ ਮਹਾਜਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸੋਧੀ ਹੋਈ ਡੇਟਸ਼ੀਟ ਅਨੁਸਾਰ ਸਵੇਰ ਦਾ ਸੈਸ਼ਨ ਸਵੇਰੇ 9.00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਹੋਵੇਗਾ ਅਤੇ 20 ਮਿੰਟ ਦੀ ਬਰੇਕ ਉਪਰੰਤ ਬਾਅਦ ਦੁਪਹਿਰ 12.20 ਤੋਂ 3.20 ਤੱਕ ਸ਼ਾਮ ਦਾ ਸ਼ੈਸਨ ਹੋਵੇਗਾ। ਸੈਕੰਡਰੀ ਸਕੂਲਾਂ ਦੇ ਛੇਵੀਂ ਅਤੇ ਗਿਆਰਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9.00 ਵਜੇ ਤੋਂ 12.00 ਵਜੇ ਤੱਕ ਹੋਵੇਗੀ ਜਦਕਿ ਸੱਤਵੀਂ ਅਤੇ ਨੌਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਬਾਅਦ ਦੁਪਹਿਰ 12.20 ਤੋਂ 3.20 ਵਜੇ ਤੱਕ ਹੋਵੇਗੀ।

ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਦੇ ਤੀਜੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9.00 ਵਜੇ ਤੋਂ 12.00 ਵਜੇ ਤੱਕ ਹੋਵੇਗੀ ਜਦਕਿ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਬਾਅਦ ਦੁਪਹਿਰ 12.20 ਤੋਂ 3.20 ਵਜੇ ਤੱਕ ਹੋਵੇਗੀ। ਇਸ ਦੌਰਾਨ ਕੋਰੋਨਾ ਪਾਜ਼ੇਟਿਵ ਦੀ ਵਜ੍ਹਾ ਨਾਲ ਪ੍ਰੀਖਿਆ ਨਾ ਦੇ ਸਕਣ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਬਾਅਦ ਵਿਚ ਨਵਾਂ ਪ੍ਰਸ਼ਨ ਪੱਤਰ ਜਾਰੀ ਕਰਕੇ ਲਈ ਜਾਵੇਗੀ।

ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਮੂਹ ਸਕੂਲਾਂ ਨੂੰ ਪ੍ਰੀਖਿਆਵਾਂ ਦੌਰਾਨ ਸਿਹਤ ਅਤੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੋਵਿਡ ਬਚਾਅ ਹਦਾਇਤਾਂ ਦਾ ਪਾਲਣ ਯਕੀਨੀ ਬਣਾਉਣ ਲਈ ਆਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਲਈ ਮਾਸਕ ਦਾ ਇਸਤੇਮਾਲ ਲਾਜ਼ਮੀ ਹੋਵੇਗਾ।ਵਿਦਿਆਰਥੀਆਂ ਨੂੰ ਪਾਣੀ ਦੀ ਬੋਤਲ ਆਦਿ ਸਮੇਤ ਹੋਰ ਸਟੇਸ਼ਨਰੀ ਸਮਾਨ ਵੀ ਆਪੋ-ਆਪਣਾ ਲਿਆਉਣ ਲਈ ਕਿਹਾ ਜਾਵੇਗਾ। ਇਸ ਤਰ੍ਹਾਂ ਦਾ ਸਮਾਨ ਇਕ ਦੂਜੇ ਨਾਲ ਸਾਂਝਾ ਕਰਨ ਦੀ ਮਨਾਹੀ ਹੋਵੇਗੀ। ਨਿਰਧਾਰਤ ਦੂਰੀ ਅਨੁਸਾਰ ਕਮਰਿਆਂ ਅੰਦਰ ਲੱਗੇ ਡੈਸਕਾਂ ਉੱਪਰ ਸਿਰਫ਼ ਇਕ ਹੀ ਵਿਦਿਆਰਥੀਆਂ ਬਿਠਾਇਆ ਜਾਵੇਗਾ ਜੇਕਰ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਡੈਸਕ ਘਟਦੇ ਹਨ ਤਾਂ ਵਿਦਿਆਰਥੀਆਂ ਨੂੰ ਨਿਰਧਾਰਤ ਦੂਰੀ `ਤੇ ਟਾਟ ਆਦਿ ਉੱਪਰ ਬਰਾਂਡਿਆਂ ਜਾ ਖੁੱਲ੍ਹੇ ਵਿਚ ਬਿਠਾਇਆ ਜਾ ਸਕਦਾ ਹੈ। 

Leave a Reply

Your email address will not be published. Required fields are marked *